ਫਿਰੋਜ਼ਪੁਰ : ਸਥਾਨਕ ਹਾਊਸਿੰਗ ਬੋਰਡ ਕਾਲੋਨੀ ਵਿੱਚ ਇੱਕ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇਕ ਪਿਤਾ ਨੇ ਆਪਣੀ 17 ਸਾਲਾ ਧੀ ਦੇ ਚਰਿੱਤਰ ’ਤੇ ਸ਼ੱਕ ਕਰਦਿਆਂ ਉਸ ਨੂੰ ਨਹਿਰ ਵਿੱਚ ਸੁੱਟ ਦਿੱਤਾ। ਧੀ ਦੇ ਹੱਥ ਰੱਸੀਆਂ ਨਾਲ ਬੰਨ੍ਹ ਕੇ ਉਸ ਨੂੰ ਪਾਣੀ ਵਿੱਚ ਧੱਕਿਆ ਗਿਆ। ਦੋ ਦਿਨਾਂ ਤੋਂ ਪੁਲਿਸ ਤੇ ਡਾਈਵਿੰਗ ਟੀਮਾਂ ਵੱਲੋਂ ਲੜਕੀ ਦੀ ਭਾਲ ਕੀਤੀ ਜਾ ਰਹੀ ਹੈ ਪਰ ਅਜੇ ਤੱਕ ਉਹ ਲੱਭ ਨਹੀਂ ਸਕੀ।
ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਿਸ ਨੇ ਇਸ ਘਟਨਾ ਸਬੰਧੀ ਧਾਰਾ 103 ਬੀਐੱਨਐੱਸ ਤਹਿਤ ਮਾਮਲਾ ਦਰਜ ਕਰ ਲਿਆ ਹੈ। ਇੰਸਪੈਕਟਰ ਜਤਿੰਦਰ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਸਾਹਿਲ ਚੌਹਾਨ ਨੇ ਦਰਜ ਕਰਵਾਈ ਹੈ, ਜੋ ਸਤੀਏਵਾਲਾ ਹਾਲ ਆਬਾਦ ਫ਼ਰੀਦਕੋਟ ਚੌਕ ਦਾ ਰਹਿਣ ਵਾਲਾ ਹੈ। ਸਾਹਿਲ ਦੇ ਬਿਆਨਾਂ ਅਨੁਸਾਰ, ਉਸ ਦਾ ਮਾਮਾ ਸੁਰਜੀਤ ਸਿੰਘ, ਜੋ ਕਿ ਹਾਊਸਿੰਗ ਬੋਰਡ ਕਾਲੋਨੀ ਵਿੱਚ ਰਹਿੰਦਾ ਹੈ, ਆਪਣੀ ਧੀ ਦੇ ਚਰਿੱਤਰ ’ਤੇ ਸ਼ੱਕ ਕਰਦਾ ਸੀ ਅਤੇ ਅਕਸਰ ਉਸ ਨਾਲ ਮਾਰਪਿੱਟ ਕਰਦਾ ਸੀ।
ਸ਼ਿਕਾਇਤਕਰਤਾ ਨੇ ਦੱਸਿਆ ਕਿ 30 ਸਤੰਬਰ ਦੀ ਸ਼ਾਮ ਕਰੀਬ 8.40 ਵਜੇ ਸੁਰਜੀਤ ਸਿੰਘ ਆਪਣੀ ਧੀ ਨੂੰ ਮੋਟਰਸਾਈਕਲ ’ਤੇ ਬਹਾਨੇ ਨਾਲ ਘਰ ਤੋਂ ਲੈ ਗਿਆ। ਉਹ ਮੋਗਾ ਰੋਡ ਵੱਲ ਵਧੇ ਅਤੇ ਬਸਤੀ ਦੇ ਪੁਲ ਨੇੜੇ ਪਹੁੰਚਣ ਉੱਪਰ ਉਸ ਨੇ ਧੀ ਦੇ ਹੱਥ ਬੰਨ੍ਹ ਕੇ ਉਸ ਨੂੰ ਨਹਿਰ ਵਿੱਚ ਸੁੱਟ ਦਿੱਤਾ। ਇਸ ਤੋਂ ਬਾਅਦ ਸੁਰਜੀਤ ਮੌਕੇ ਤੋਂ ਭੱਜ ਗਿਆ।
ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਰੈਸਕਿਊ ਟੀਮਾਂ ਨੂੰ ਨਹਿਰ ਵਿੱਚ ਲਗਾਤਾਰ ਖੋਜ ਲਈ ਲਗਾਇਆ ਹੈ। ਦੋ ਦਿਨਾਂ ਬਾਅਦ ਵੀ ਕੁੜੀ ਦਾ ਕੋਈ ਪਤਾ ਨਹੀਂ ਲੱਗ ਸਕਿਆ। ਪੁਲਿਸ ਵੱਲੋਂ ਦੋਸ਼ੀ ਸੁਰਜੀਤ ਸਿੰਘ ਖ਼ਿਲਾਫ ਮਾਮਲਾ ਦਰਜ ਕਰਕੇ ਉਸ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ।
ਇਸ ਘਟਨਾ ਨੇ ਸਾਰੇ ਖੇਤਰ ਵਿੱਚ ਦਹਿਲਾ ਪੈਦਾ ਕਰ ਦਿੱਤਾ ਹੈ। ਲੋਕਾਂ ਵੱਲੋਂ ਇਸ ਅਮਾਨਵੀ ਹਰਕਤ ਦੀ ਤੀਖ਼ੀ ਨਿੰਦਾ ਕੀਤੀ ਜਾ ਰਹੀ ਹੈ ਅਤੇ ਪੀੜਤ ਪਰਿਵਾਰ ਲਈ ਇਨਸਾਫ਼ ਦੀ ਮੰਗ ਉੱਠ ਰਹੀ ਹੈ।