ਚੰਡੀਗੜ੍ਹ : ਪੰਜਾਬ ਵਿੱਚ ਹੜ੍ਹ ਕਾਰਨ ਪੈਦਾ ਹੋਈ ਗੰਭੀਰ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਅੱਜ 8 ਸਤੰਬਰ ਨੂੰ ਦੁਪਹਿਰ 12 ਵਜੇ ਕੈਬਨਿਟ ਦੀ ਅਹਿਮ ਮੀਟਿੰਗ ਬੁਲਾਈ ਗਈ ਹੈ। ਇਹ ਮੀਟਿੰਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸਰਕਾਰੀ ਨਿਵਾਸ ਸਥਾਨ ‘ਤੇ ਹੋਵੇਗੀ। ਹਾਲਾਂਕਿ ਮੁੱਖ ਮੰਤਰੀ ਇਸ ਵੇਲੇ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖ਼ਲ ਹਨ, ਪਰ ਉਹ ਵੀਡੀਓ ਕਾਨਫਰੰਸਿੰਗ ਰਾਹੀਂ ਇਸ ਮਹੱਤਵਪੂਰਨ ਮੀਟਿੰਗ ਵਿੱਚ ਸ਼ਾਮਲ ਹੋਣਗੇ।
ਸੂਤਰਾਂ ਮੁਤਾਬਕ, ਇਸ ਮੀਟਿੰਗ ਵਿੱਚ ਸੂਬੇ ਦੇ ਹਾਲਾਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕਈ ਵੱਡੇ ਫੈਸਲੇ ਲਏ ਜਾ ਸਕਦੇ ਹਨ। ਖਾਸ ਕਰਕੇ ਹੜ੍ਹ ਤੋਂ ਪ੍ਰਭਾਵਿਤ ਲੋਕਾਂ ਲਈ ਰਾਹਤ ਕਾਰਜਾਂ ਨੂੰ ਤੇਜ਼ ਕਰਨ, ਵਿੱਤੀ ਮਦਦ ਦੇ ਐਲਾਨ ਅਤੇ ਪੁਨਰਵਾਸ ਯੋਜਨਾਵਾਂ ਬਾਰੇ ਵਿਚਾਰ ਕੀਤਾ ਜਾਵੇਗਾ। ਇਸਦੇ ਨਾਲ ਹੀ ਚਰਚਾ ਹੈ ਕਿ ਸਰਕਾਰ ਮਾਈਨਿੰਗ ਨੀਤੀ ਵਿੱਚ ਵੀ ਬਦਲਾਅ ਕਰ ਸਕਦੀ ਹੈ, ਜਿਸ ਨਾਲ ਖੇਤਾਂ ਵਿੱਚ ਜਮੀਂ ਰੇਤ ਨੂੰ ਕਿਸਾਨ ਆਪਣੇ ਪੱਧਰ ‘ਤੇ ਵੇਚ ਸਕਣ।
ਹੜ੍ਹ ਦੀ ਮਾਰ : ਹਜ਼ਾਰਾਂ ਪਿੰਡਾਂ ‘ਚ ਤਬਾਹੀ
ਪੰਜਾਬ ਦੇ 23 ਜ਼ਿਲ੍ਹਿਆਂ ਦੇ ਕੁੱਲ 1996 ਪਿੰਡ ਹੜ੍ਹ ਨਾਲ ਪ੍ਰਭਾਵਿਤ ਹੋਏ ਹਨ। ਹੁਣ ਤੱਕ 3,87,013 ਲੋਕ ਹੜ੍ਹ ਦੀ ਚਪੇਟ ਵਿੱਚ ਆਏ ਹਨ, ਜਿਨ੍ਹਾਂ ਵਿੱਚੋਂ 46 ਲੋਕਾਂ ਦੀ ਜਾਨ ਜਾ ਚੁੱਕੀ ਹੈ। ਪਠਾਨਕੋਟ ਦੇ ਤਿੰਨ ਲੋਕ ਹਜੇ ਵੀ ਲਾਪਤਾ ਹਨ। ਹੜ੍ਹ ਕਾਰਨ ਹਜ਼ਾਰਾਂ ਪਰਿਵਾਰ ਬੇਘਰ ਹੋ ਗਏ ਹਨ ਅਤੇ ਕਈ ਘਰ, ਫਸਲਾਂ ਅਤੇ ਪਸ਼ੂ-ਪਾਲਣ ਨੂੰ ਭਾਰੀ ਨੁਕਸਾਨ ਹੋਇਆ ਹੈ।
ਇਸ ਤੋਂ ਪਹਿਲਾਂ ਵੀ ਸਰਕਾਰ ਵੱਲੋਂ ਕੈਬਨਿਟ ਮੀਟਿੰਗ ਬੁਲਾਈ ਗਈ ਸੀ, ਪਰ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਅਚਾਨਕ ਵਿਗੜ ਜਾਣ ਕਾਰਨ ਇਸਨੂੰ ਰੱਦ ਕਰਨਾ ਪਿਆ ਸੀ। ਉਨ੍ਹਾਂ ਨੂੰ ਪਿਛਲੇ ਸ਼ੁੱਕਰਵਾਰ ਨੂੰ ਸਿਹਤ ਸਮੱਸਿਆ ਕਾਰਨ ਫੋਰਟਿਸ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਇਸ ਕਾਰਨ ਸ਼ੁੱਕਰਵਾਰ ਦੀ ਤਹਿ ਕੀਤੀ ਮੀਟਿੰਗ ਮੁਲਤਵੀ ਹੋ ਗਈ ਸੀ। ਹੁਣ ਜਦੋਂ ਸੀਐਮ ਮਾਨ ਦੀ ਸਿਹਤ ਵਿੱਚ ਸੁਧਾਰ ਆ ਰਿਹਾ ਹੈ, ਉਹ ਹਸਪਤਾਲ ਤੋਂ ਹੀ ਵੀਡੀਓ ਕਾਨਫਰੰਸ ਰਾਹੀਂ ਕੈਬਨਿਟ ਮੀਟਿੰਗ ਦੀ ਅਗਵਾਈ ਕਰਨਗੇ।
ਰਾਹਤ ਕਾਰਜਾਂ ਤੇਜ਼ ਕਰਨ ‘ਤੇ ਖ਼ਾਸ ਜ਼ੋਰ
ਉਮੀਦ ਹੈ ਕਿ ਕੈਬਨਿਟ ਮੀਟਿੰਗ ਵਿੱਚ ਸਰਕਾਰ ਵੱਲੋਂ ਹੜ੍ਹ ਪੀੜਤਾਂ ਲਈ ਵਿੱਤੀ ਸਹਾਇਤਾ ਪੈਕੇਜ ਦਾ ਐਲਾਨ ਕੀਤਾ ਜਾਵੇਗਾ। ਇਸਦੇ ਨਾਲ ਹੀ ਪੁਨਰਵਾਸ ਯੋਜਨਾਵਾਂ ਨੂੰ ਜ਼ਮੀਨੀ ਪੱਧਰ ‘ਤੇ ਲਾਗੂ ਕਰਨ ਦੀ ਗਤੀ ‘ਤੇ ਵੀ ਜ਼ੋਰ ਦਿੱਤਾ ਜਾਵੇਗਾ। ਸਰਕਾਰ ਵੱਲੋਂ ਪ੍ਰਭਾਵਿਤ ਇਲਾਕਿਆਂ ‘ਚ ਸਿਹਤ ਸਹੂਲਤਾਂ, ਸਾਫ ਪੀਣ ਵਾਲੇ ਪਾਣੀ ਦੀ ਸਪਲਾਈ, ਤੁਰੰਤ ਮਦਦ ਕੈਂਪਾਂ ਅਤੇ ਬੁਨਿਆਦੀ ਜ਼ਰੂਰਤਾਂ ਦੀ ਪੂਰਤੀ ਲਈ ਵੀ ਵਿਸ਼ੇਸ਼ ਯੋਜਨਾ ਬਣਾਈ ਜਾ ਸਕਦੀ ਹੈ।
👉 ਇਹ ਮੀਟਿੰਗ ਨਾ ਸਿਰਫ਼ ਹੜ੍ਹ ਸੰਕਟ ਨੂੰ ਨਿਪਟਣ ਲਈ ਨਿਰਣਾਇਕ ਸਾਬਤ ਹੋਵੇਗੀ, ਸਗੋਂ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਵਿਕਾਸਕਾਰੀ ਫ਼ੈਸਲਿਆਂ ਲਈ ਵੀ ਮਹੱਤਵਪੂਰਨ ਮੰਨੀ ਜਾ ਰਹੀ ਹੈ।