ਰਾਜਸਥਾਨ ਦੇ ਜੈਸਲਮੇਰ-ਜੋਧਪੁਰ ਹਾਈਵੇ ‘ਤੇ ਮੰਗਲਵਾਰ ਦੁਪਹਿਰ ਲਗਭਗ 3:30 ਵਜੇ ਇੱਕ ਦਰਦਨਾਕ ਹਾਦਸਾ ਵਾਪਰਿਆ ਜਦੋਂ ਇੱਕ ਏਸੀ ਸਲੀਪਰ ਬੱਸ ਅਚਾਨਕ ਅੱਗ ਦੀ ਲਪੇਟ ਵਿੱਚ ਆ ਗਈ। ਸਿਰਫ ਪੰਜ ਦਿਨ ਪਹਿਲਾਂ ਹੀ ਖਰੀਦੀ ਗਈ ਇਹ ਨਵੀਂ ਬੱਸ ਕੁਝ ਹੀ ਮਿੰਟਾਂ ਵਿੱਚ ਅੱਗ ਦਾ ਗੋਲਾ ਬਣ ਗਈ। ਬੱਸ ਵਿੱਚ ਕੁੱਲ 57 ਯਾਤਰੀ ਸਵਾਰ ਸਨ, ਜਿਨ੍ਹਾਂ ਵਿੱਚੋਂ 20 ਤੋਂ ਵੱਧ ਦੀ ਮੌਤ ਹੋ ਗਈ ਹੈ, ਜਦਕਿ 16 ਹੋਰ ਗੰਭੀਰ ਤੌਰ ‘ਤੇ ਝੁਲਸੇ ਹਨ।
ਸਥਾਨਕ ਲੋਕਾਂ ਦੇ ਅਨੁਸਾਰ, ਘਟਨਾ ਇੰਨੀ ਤੇਜ਼ੀ ਨਾਲ ਵਾਪਰੀ ਕਿ ਬੱਸ ਚਾਲਕ ਨੂੰ ਬ੍ਰੇਕ ਲਗਾਉਣ ਜਾਂ ਦਰਵਾਜ਼ਾ ਖੋਲ੍ਹਣ ਦਾ ਮੌਕਾ ਵੀ ਨਹੀਂ ਮਿਲਿਆ। ਕੁਝ ਯਾਤਰੀਆਂ ਨੇ ਆਪਣੀ ਜਾਨ ਬਚਾਉਣ ਲਈ ਖਿੜਕੀਆਂ ਤੋਂ ਛਾਲ ਮਾਰੀ, ਪਰ ਉਹ ਵੀ ਭਿਆਨਕ ਅੱਗ ਵਿੱਚ ਸੜ ਗਏ। ਕਈ ਯਾਤਰੀਆਂ ਦੀ ਹਾਲਤ 60 ਤੋਂ 70 ਪ੍ਰਤੀਸ਼ਤ ਤੱਕ ਸੜੀ ਹੋਈ ਦੱਸੀ ਜਾ ਰਹੀ ਹੈ।
ਹਾਦਸੇ ਦੀ ਸੂਚਨਾ ਮਿਲਣ ‘ਤੇ ਸਥਾਨਕ ਪੁਲਿਸ, ਫਾਇਰ ਬ੍ਰਿਗੇਡ ਅਤੇ ਪ੍ਰਸ਼ਾਸਨਿਕ ਟੀਮਾਂ ਤੁਰੰਤ ਮੌਕੇ ‘ਤੇ ਪਹੁੰਚ ਗਈਆਂ। ਜੈਸਲਮੇਰ ਨਗਰ ਪ੍ਰੀਸ਼ਦ ਦੇ ਸਹਾਇਕ ਫਾਇਰ ਅਫਸਰ ਕ੍ਰਿਸ਼ਨਪਾਲ ਸਿੰਘ ਰਾਠੌਰ ਨੇ ਕਿਹਾ ਕਿ ਬੱਸ ਵਿੱਚ ਲੱਗੀ ਅੱਗ ਇੰਨੀ ਭਿਆਨਕ ਸੀ ਕਿ ਕੁਝ ਹੀ ਮਿੰਟਾਂ ਵਿੱਚ ਸਾਰਾ ਵਾਹਨ ਸੜ ਕੇ ਰਾਖ ਹੋ ਗਿਆ। ਉਨ੍ਹਾਂ ਦੱਸਿਆ ਕਿ ਲਗਭਗ 15 ਤੋਂ ਵੱਧ ਲੋਕਾਂ ਦੇ ਸੜਨ ਕਾਰਨ ਮਰਨ ਦੀ ਪੁਸ਼ਟੀ ਹੋ ਚੁੱਕੀ ਹੈ, ਜਦਕਿ ਬਾਕੀ ਗੰਭੀਰ ਰੂਪ ਵਿੱਚ ਝੁਲਸੇ ਹੋਏ ਹਨ।
ਅਧਿਕਾਰੀਆਂ ਦੇ ਮੁਤਾਬਕ, ਬੱਸ ਜੋਧਪੁਰ ਸਥਿਤ ਇੱਕੂ ਕੰਪਨੀ ਤੋਂ ਸਿਰਫ ਪੰਜ ਦਿਨ ਪਹਿਲਾਂ ਹੀ ਖਰੀਦੀ ਗਈ ਸੀ ਅਤੇ ਇਸਨੂੰ ਪ੍ਰਾਈਵੇਟ ਓਪਰੇਟਰ ਵੱਲੋਂ ਚਲਾਇਆ ਜਾ ਰਿਹਾ ਸੀ। ਪ੍ਰਾਰੰਭਿਕ ਜਾਂਚ ਵਿੱਚ ਇਹ ਸਾਹਮਣੇ ਆਇਆ ਹੈ ਕਿ ਹਾਦਸੇ ਦਾ ਮੁੱਖ ਕਾਰਨ ਸ਼ਾਰਟ ਸਰਕਟ ਸੀ, ਜਿਸ ਕਾਰਨ ਏਸੀ ਯੂਨਿਟ ਤੋਂ ਅੱਗ ਲੱਗੀ ਜੋ ਕੁਝ ਹੀ ਪਲਾਂ ਵਿੱਚ ਸਾਰੇ ਵਾਹਨ ਵਿੱਚ ਫੈਲ ਗਈ।
ਪ੍ਰਸ਼ਾਸਨ ਵੱਲੋਂ ਤੁਰੰਤ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਗਏ। ਜੋਧਪੁਰ ਤੱਕ ਲਗਭਗ 275 ਕਿਲੋਮੀਟਰ ਲੰਬਾ “ਗ੍ਰੀਨ ਕੋਰੀਡੋਰ” ਬਣਾਇਆ ਗਿਆ ਤਾਂ ਜੋ ਗੰਭੀਰ ਰੂਪ ਵਿੱਚ ਸੜੇ ਹੋਏ ਯਾਤਰੀਆਂ ਨੂੰ ਬਿਨਾਂ ਕਿਸੇ ਰੁਕਾਵਟ ਦੇ ਹਸਪਤਾਲ ਪਹੁੰਚਾਇਆ ਜਾ ਸਕੇ। ਮਹਾਤਮਾ ਗਾਂਧੀ ਹਸਪਤਾਲ ਵਿੱਚ 14 ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ, ਜਦਕਿ ਇੱਕ ਨੂੰ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਸਥਾਨਕ ਪ੍ਰਸ਼ਾਸਨ, ਪੁਲਿਸ ਅਤੇ ਫਾਇਰ ਟੀਮਾਂ ਦੇ ਨਾਲ-ਨਾਲ ਗਾਂਵ ਦੇ ਲੋਕਾਂ ਨੇ ਵੀ ਰਾਹਤ ਕਾਰਜਾਂ ਵਿੱਚ ਵੱਡਾ ਯੋਗਦਾਨ ਦਿੱਤਾ। ਕਈ ਲੋਕਾਂ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਅੱਗ ਦੀ ਲਪੇਟ ਵਿੱਚ ਫਸੇ ਯਾਤਰੀਆਂ ਨੂੰ ਬਾਹਰ ਕੱਢਿਆ। ਅੱਖੀਂਦੇਖੀ ਗਵਾਹਾਂ ਨੇ ਦੱਸਿਆ ਕਿ ਮੰਜ਼ਰ ਬਹੁਤ ਦਿਲ ਦਹਿਲਾ ਦੇਣ ਵਾਲਾ ਸੀ—ਬੱਚਿਆਂ ਤੇ ਮਹਿਲਾਵਾਂ ਦੀਆਂ ਚੀਕਾਂ ਨਾਲ ਹਾਈਵੇ ਗੂੰਜ ਉਠਿਆ ਸੀ।
ਇਸ ਦਰਦਨਾਕ ਹਾਦਸੇ ਨੇ ਪੂਰੇ ਇਲਾਕੇ ਵਿੱਚ ਸ਼ੋਕ ਦੀ ਲਹਿਰ ਦੌੜਾ ਦਿੱਤੀ ਹੈ। ਪ੍ਰਸ਼ਾਸਨ ਵੱਲੋਂ ਯਾਤਰੀਆਂ ਦੀ ਸੂਚੀ ਤਿਆਰ ਕਰਕੇ ਪਰਿਵਾਰਾਂ ਨੂੰ ਸੂਚਿਤ ਕੀਤਾ ਜਾ ਰਿਹਾ ਹੈ। ਬੱਸ ਮਾਲਕਾਂ ਅਤੇ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਵੱਲੋਂ ਸੁਰੱਖਿਆ ਮਾਪਦੰਡਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ, ਤਾਂ ਜੋ ਭਵਿੱਖ ਵਿੱਚ ਇਸ ਤਰ੍ਹਾਂ ਦੀ ਘਟਨਾ ਨਾ ਵਾਪਰੇ।
ਪ੍ਰਧਾਨ ਮੰਤਰੀ ਵੱਲੋਂ ਦੁੱਖ ਦਾ ਪ੍ਰਗਟਾਵਾ ਅਤੇ ਆਰਥਿਕ ਮਦਦ ਦਾ ਐਲਾਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਦਰਦਨਾਕ ਹਾਦਸੇ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ। ਪ੍ਰਧਾਨ ਮੰਤਰੀ ਦਫ਼ਤਰ (PMO) ਵੱਲੋਂ ਐਕਸ ‘ਤੇ ਜਾਰੀ ਸੁਨੇਹੇ ਵਿੱਚ ਲਿਖਿਆ ਗਿਆ, “ਰਾਜਸਥਾਨ ਦੇ ਜੈਸਲਮੇਰ ਵਿੱਚ ਬੱਸ ਹਾਦਸੇ ਵਿੱਚ ਜਾਨ ਗੁਆਉਣ ਵਾਲਿਆਂ ਦੇ ਪਰਿਵਾਰਾਂ ਪ੍ਰਤੀ ਮੇਰੀਆਂ ਸੰਵੇਦਨਾਵਾਂ ਹਨ। ਮੈਂ ਜ਼ਖਮੀਆਂ ਦੇ ਜਲਦੀ ਸਿਹਤਮੰਦ ਹੋਣ ਦੀ ਪ੍ਰਾਰਥਨਾ ਕਰਦਾ ਹਾਂ।”
ਪ੍ਰਧਾਨ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਹਰ ਮ੍ਰਿਤਕ ਦੇ ਪਰਿਵਾਰ ਨੂੰ 2 ਲੱਖ ਰੁਪਏ ਅਤੇ ਗੰਭੀਰ ਜ਼ਖਮੀਆਂ ਨੂੰ 50 ਹਜ਼ਾਰ ਰੁਪਏ ਦੀ ਆਰਥਿਕ ਸਹਾਇਤਾ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ (PMNRF) ਤੋਂ ਦਿੱਤੀ ਜਾਵੇਗੀ।
ਇਹ ਹਾਦਸਾ ਨਾ ਸਿਰਫ ਰਾਜਸਥਾਨ ਬਲਕਿ ਪੂਰੇ ਦੇਸ਼ ਲਈ ਇੱਕ ਚੇਤਾਵਨੀ ਹੈ ਕਿ ਨਵੀਆਂ ਵਾਹਨ ਸੇਵਾਵਾਂ ਵਿੱਚ ਵੀ ਸੁਰੱਖਿਆ ਪ੍ਰਬੰਧਾਂ ਦੀ ਕਮੀ ਕਿਸੇ ਵੀ ਸਮੇਂ ਵੱਡੇ ਵਿਸ਼ਾਲ ਹਾਦਸੇ ਦਾ ਕਾਰਨ ਬਣ ਸਕਦੀ ਹੈ। ਪ੍ਰਸ਼ਾਸਨ ਨੇ ਸਾਰੀਆਂ ਪ੍ਰਾਈਵੇਟ ਬੱਸ ਸੇਵਾਵਾਂ ਦੀ ਤੁਰੰਤ ਤਕਨੀਕੀ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ ਹਨ।