ਆਨਰ ਕਿਲਿੰਗ ਦੇ ਮਾਮਲੇ ‘ਚ ਜਥੇਦਾਰ ਕੁਲਦੀਪ ਸਿੰਘ ਗੜਗੱਜ ਤਾਮਿਲਨਾਡੂ ਪਹੁੰਚੇ, ਪੀੜਤ ਕਾਵਿਨ ਸੇਲਵਾ ਗਨੇਸ਼ ਦੇ ਪਰਿਵਾਰ ਨਾਲ ਕੀਤੀ ਮੁਲਾਕਾਤ; ਜਾਤ-ਪਾਤ ਅਧਾਰਿਤ ਵਿਤਕਰੇ ਖ਼ਿਲਾਫ਼ ਬੋਲਦੇ ਹੋਏ ਦਿੱਤਾ ਇਨਸਾਫ਼ ਲਈ ਲੜਨ ਦਾ ਸੰਦੇਸ਼

ਅੰਮ੍ਰਿਤਸਰ/ਤਾਮਿਲਨਾਡੂ – ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਤਾਮਿਲਨਾਡੂ ਦੇ ਥੁੱਥੂਕੁੜੀ ਜ਼ਿਲ੍ਹੇ ਦੇ ਆਰੂਮੁਗਾਮੰਗਲਮ ਪਿੰਡ ਪਹੁੰਚੇ ਜਿੱਥੇ ਉਨ੍ਹਾਂ ਨੇ ਜਾਤ-ਪਾਤ ਅਧਾਰਿਤ ਆਨਰ ਕਿਲਿੰਗ ‘ਚ ਮਾਰੇ ਗਏ 25 ਸਾਲਾ ਨੌਜਵਾਨ ਕਾਵਿਨ ਸੇਲਵਾ ਗਨੇਸ਼ ਦੇ ਪਰਿਵਾਰ ਨਾਲ ਵਿਸ਼ੇਸ਼ ਰੂਪ ਵਿੱਚ ਮੁਲਾਕਾਤ ਕੀਤੀ। ਗੜਗੱਜ ਨੇ ਪੀੜਤ ਪਰਿਵਾਰ ਨੂੰ ਹੌਸਲਾ ਦਿੱਤਾ ਕਿ ਸਿੱਖ ਕੌਮ ਇਨਸਾਫ਼ ਦੀ ਲੜਾਈ ਵਿੱਚ ਉਨ੍ਹਾਂ ਦੇ ਨਾਲ ਖੜ੍ਹੀ ਹੈ ਅਤੇ ਸਮਾਜ ਵਿੱਚੋਂ ਭੇਦਭਾਵ ਖ਼ਤਮ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ।

ਜ਼ਿਕਰਯੋਗ ਹੈ ਕਿ ਮ੍ਰਿਤਕ ਕਾਵਿਨ ਤਾਮਿਲ ਸਿੱਖ ਤੇ ਸੁਪਰੀਮ ਕੋਰਟ ਦੇ ਵਕੀਲ ਜੀਵਨ ਸਿੰਘ ਦਾ ਭਾਣਜਾ ਸੀ। ਜਥੇਦਾਰ ਨੇ ਇਸ ਘਟਨਾ ‘ਤੇ ਚਿੰਤਾ ਪ੍ਰਗਟਾਈ ਕਿ ਅੱਜ ਵੀ ਸੰਸਾਰ ਅੰਦਰ ਜਾਤ-ਪਾਤ, ਰੰਗਭੇਦ ਅਤੇ ਆਨਰ ਕਿਲਿੰਗ ਵਰਗੇ ਅੱਤਿਆਚਾਰ ਜਾਰੀ ਹਨ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮਨੁੱਖਤਾ ਨੂੰ ਇੱਕ ਅਕਾਲ ਪੁਰਖ ਦੇ ਬੰਦੇ ਵਜੋਂ ਮੰਨਣ ਦੀ ਸਿੱਖਿਆ ਦਿੱਤੀ ਸੀ, ਇਸ ਲਈ ਅਜਿਹੇ ਭੇਦਭਾਵ ਮਿਟਣੇ ਚਾਹੀਦੇ ਹਨ।

ਜਥੇਦਾਰ ਗੜਗੱਜ ਨੇ ਅਰਦਾਸ ਕਰਦੇ ਹੋਏ ਪਰਿਵਾਰ ਲਈ ਬਲ, ਹਿੰਮਤ ਅਤੇ ਇਨਸਾਫ਼ ਦੀ ਪ੍ਰਾਪਤੀ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਇਸ ਸੰਘਰਸ਼ ਨਾਲ ਨਾ ਸਿਰਫ਼ ਇਸ ਪਰਿਵਾਰ ਨੂੰ ਇਨਸਾਫ਼ ਮਿਲੇਗਾ ਬਲਕਿ ਹੋਰਾਂ ਲਈ ਵੀ ਜਾਤ-ਪਾਤ ਅਧਾਰਿਤ ਅੱਤਿਆਚਾਰ ਦੇ ਖ਼ਿਲਾਫ਼ ਇੱਕ ਮਿਸਾਲ ਕਾਇਮ ਹੋਵੇਗੀ।

ਜਥੇਦਾਰ ਇਸ ਸਮੇਂ ਤਾਮਿਲਨਾਡੂ ਵਿੱਚ “ਖੁਆਰ ਹੋਏ ਸਭ ਮਿਲੈਂਗੇ” ਧਰਮ ਪ੍ਰਚਾਰ ਲਹਿਰ ਤਹਿਤ ਤਿੰਨ ਦਿਨਾਂ ਦੀ ਪ੍ਰਚਾਰ ਫੇਰੀ ‘ਤੇ ਹਨ ਅਤੇ ਵੱਖ-ਵੱਖ ਪਿੰਡਾਂ-ਕਸਬਿਆਂ ਵਿੱਚ ਜਾ ਕੇ ਲੋਕਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨਾਲ ਜੋੜ ਰਹੇ ਹਨ। ਇਸ ਮੌਕੇ ਉਨ੍ਹਾਂ ਦੇ ਨਾਲ ਪੰਜਾਬ ਤੋਂ ਬਰਜਿੰਦਰ ਸਿੰਘ ਹੁਸੈਨਪੁਰ, ਤਾਮਿਲ ਸਿੱਖ ਜੀਵਨ ਸਿੰਘ, ਅਕਾਲ ਤਖ਼ਤ ਸਾਹਿਬ ਦੇ ਮੀਡੀਆ ਸਲਾਹਕਾਰ ਜਸਕਰਨ ਸਿੰਘ ਅਤੇ ਸਥਾਨਕ ਭਾਈਚਾਰੇ ਦੇ ਮੈਂਬਰ ਮੌਜੂਦ ਸਨ।

Leave a Reply

Your email address will not be published. Required fields are marked *