ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਵੱਲੋਂ ਲੈਂਡ ਪੂਲਿੰਗ ਸਕੀਮ ਰੱਦ ਕਰਨਾ ਸਾਰੇ ਪੰਜਾਬੀਆਂ ਦੀ ਜਿੱਤ ਹੈ। ਇਸ ਮੁਹਿੰਮ ਵਿੱਚ ਸਾਥ ਦੇਣ ਲਈ ਉਹਨਾਂ ਨੇ ਅਕਾਲੀ ਵਰਕਰਾਂ, ਕਿਸਾਨਾਂ, ਮਜ਼ਦੂਰਾਂ, ਦੁਕਾਨਦਾਰਾਂ ਅਤੇ ਸਮਾਜ ਦੇ ਹਰੇਕ ਵਰਗ ਦਾ ਧੰਨਵਾਦ ਕੀਤਾ।ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਦੇ ਬਹਾਦਰ ਲੋਕਾਂ ਨੇ ਇਕੱਠੇ ਹੋ ਕੇ ਲੜਾਈ ਲੜੀ ਅਤੇ ਦਿੱਲੀ ਦੇ ਬਿਲਡਰਾਂ ਦੇ ਹੱਕ ਵਿੱਚ ਬਣਾਈ ਗਈ ਇਸ ਸਕੀਮ ਨੂੰ ਵਾਪਸ ਲੈਣ ਲਈ ਸਰਕਾਰ ਨੂੰ ਮਜਬੂਰ ਕੀਤਾ। ਉਹਨਾਂ ਦੇ ਅਨੁਸਾਰ, ਇਸ ਸਕੀਮ ਰਾਹੀਂ 30 ਹਜ਼ਾਰ ਕਰੋੜ ਰੁਪਏ ਇਕੱਠੇ ਕਰਕੇ ਪੂਰੇ ਦੇਸ਼ ਵਿੱਚ ਆਮ ਆਦਮੀ ਪਾਰਟੀ ਦਾ ਵਿਸਥਾਰ ਕਰਨ ਦੀ ਯੋਜਨਾ ਸੀ।
ਉਹਨਾਂ ਨੇ ਵਾਅਦਾ ਕੀਤਾ ਕਿ ਜਿਵੇਂ ਜ਼ਮੀਨ ਹੜੱਪਣ ਦੀ ਸਕੀਮ ਰੋਕੀ ਗਈ, ਤਿਵੇਂ ਹੀ ਆਪ ਸਰਕਾਰ ਦੇ ਭ੍ਰਿਸ਼ਟਾਚਾਰ, ਬਾਹਰਲਿਆਂ ਨੂੰ ਨੌਕਰੀਆਂ ਦੇਣ, ਕਾਨੂੰਨ ਵਿਵਸਥਾ ਖਰਾਬ ਕਰਨ ਅਤੇ ਗੈਂਗਸਟਰਾਂ ਨੂੰ ਪੱਖ ਦੇਣ ਵਾਲੇ ਕਿਰਦਾਰ ਦਾ ਵੀ ਹਿਸਾਬ ਲਿਆ ਜਾਵੇਗਾ।ਸੁਖਬੀਰ ਬਾਦਲ ਨੇ ਸਭ ਨੂੰ ਅਪੀਲ ਕੀਤੀ ਕਿ ਅਕਾਲੀ ਦਲ ਦੇ ਬੈਨਰ ਹੇਠ ਇਕੱਠੇ ਹੋ ਕੇ ਪੰਜਾਬ ਨੂੰ ਮੁੜ ਸਹੀ ਰਸਤੇ ’ਤੇ ਲਿਆਇਆ ਜਾਵੇ, ਤਾਂ ਜੋ ਭਵਿੱਖ ਦੀਆਂ ਪੀੜ੍ਹੀਆਂ ਲਈ ਸੁਨਹਿਰੀ ਦੌਰ ਬਣ ਸਕੇ। ਉਹਨਾਂ ਕਿਹਾ ਕਿ ਪੰਜਾਬੀਆਂ ਨੇ ਬੇਮਿਸਾਲ ਹਿੰਮਤ ਦਿਖਾਈ ਅਤੇ ਬਿਨਾਂ ਕਿਸੇ ਲਾਲਚ ਦੇ ਪੰਜਾਬ ਦੀ ਜ਼ਮੀਨ ਬਚਾਉਣ ਲਈ ਵੱਡੀ ਤੇ ਉਤਸ਼ਾਹੀ ਲੜਾਈ ਲੜੀ।