ਸੰਗਰੂਰ ਜ਼ਿਲ੍ਹੇ ‘ਚ 20 ਅਗਸਤ ਨੂੰ ਲੋਕਲ ਛੁੱਟੀ ਦਾ ਐਲਾਨ, ਨੋਟੀਫਿਕੇਸ਼ਨ ਜਾਰੀ…

ਪੰਜਾਬ ਸਰਕਾਰ ਵੱਲੋਂ ਬੁੱਧਵਾਰ ਨੂੰ ਇੱਕ ਮਹੱਤਵਪੂਰਨ ਐਲਾਨ ਕੀਤਾ ਗਿਆ ਹੈ। ਸਰਕਾਰ ਨੇ 20 ਅਗਸਤ ਨੂੰ ਸ਼ਹੀਦ ਸੰਤ ਸ੍ਰੀ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਦੇ ਮੌਕੇ ‘ਤੇ ਜ਼ਿਲ੍ਹਾ ਸੰਗਰੂਰ ਵਿਚ ਸਰਕਾਰੀ ਛੁੱਟੀ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਇਸ ਦਿਨ ਜ਼ਿਲ੍ਹੇ ਦੇ ਸਾਰੇ ਸਰਕਾਰੀ ਅਤੇ ਅਰਧ ਸਰਕਾਰੀ ਦਫ਼ਤਰਾਂ ਦੇ ਨਾਲ-ਨਾਲ ਸਮੂਹ ਵਿਦਿਆਕ ਅਦਾਰੇ ਬੰਦ ਰਹਿਣਗੇ।

ਯਾਦ ਰਹੇ ਕਿ 20 ਅਗਸਤ ਦੀ ਇਹ ਛੁੱਟੀ ਪੰਜਾਬ ਸਰਕਾਰ ਵੱਲੋਂ ਪਹਿਲਾਂ ਜਾਰੀ ਕੀਤੇ 2025 ਦੇ ਸਾਲਾਨਾ ਛੁੱਟੀਆਂ ਦੇ ਕੈਲੰਡਰ ਵਿੱਚ ਸ਼ਾਮਲ ਨਹੀਂ ਸੀ। ਹਾਲਾਂਕਿ ਹੁਣ ਸਰਕਾਰ ਨੇ ਵਿਸ਼ੇਸ਼ ਤੌਰ ‘ਤੇ ਸੰਗਰੂਰ ਜ਼ਿਲ੍ਹੇ ਲਈ ਇਸਨੂੰ ਲੋਕਲ ਛੁੱਟੀ ਵਜੋਂ ਮਨਜ਼ੂਰ ਕਰਦਿਆਂ ਨੋਟੀਫਿਕੇਸ਼ਨ ਜਾਰੀ ਕੀਤਾ ਹੈ।

ਡਿਪਟੀ ਕਮਿਸ਼ਨਰ ਸੰਗਰੂਰ ਨੇ ਵੀ ਇੱਕ ਸਰਕਾਰੀ ਪੱਤਰ ਜਾਰੀ ਕਰਦਿਆਂ ਇਸ ਛੁੱਟੀ ਦੀ ਪੁਸ਼ਟੀ ਕੀਤੀ ਹੈ। ਪੱਤਰ ਵਿਚ ਇਹ ਵੀ ਸਪਸ਼ਟ ਕੀਤਾ ਗਿਆ ਹੈ ਕਿ ਜਿਹੜੇ ਸਕੂਲ ਅਤੇ ਕਾਲਜਾਂ ਵਿੱਚ ਇਸ ਸਮੇਂ ਬੋਰਡ ਜਾਂ ਯੂਨੀਵਰਸਿਟੀ ਪੱਧਰ ਦੇ ਪੇਪਰ ਚੱਲ ਰਹੇ ਹਨ, ਉਨ੍ਹਾਂ ‘ਤੇ ਇਹ ਹੁਕਮ ਲਾਗੂ ਨਹੀਂ ਹੋਣਗੇ।

ਇਸ ਫ਼ੈਸਲੇ ਤੋਂ ਬਾਅਦ ਸੰਗਰੂਰ ਜ਼ਿਲ੍ਹੇ ਦੇ ਹਜ਼ਾਰਾਂ ਸਰਕਾਰੀ ਕਰਮਚਾਰੀ, ਅਧਿਆਪਕ ਅਤੇ ਵਿਦਿਆਰਥੀ 20 ਅਗਸਤ ਨੂੰ ਛੁੱਟੀ ਦਾ ਲਾਭ ਲੈ ਸਕਣਗੇ। ਇਹ ਛੁੱਟੀ ਸਿਰਫ਼ ਸੰਗਰੂਰ ਜ਼ਿਲ੍ਹੇ ਵਿੱਚ ਹੀ ਲਾਗੂ ਹੋਵੇਗੀ ਅਤੇ ਇਸਨੂੰ ਸਥਾਨਕ ਪੱਧਰ ‘ਤੇ ਸ਼ਹੀਦ ਸੰਤ ਸ੍ਰੀ ਹਰਚੰਦ ਸਿੰਘ ਲੌਂਗੋਵਾਲ ਦੀ ਯਾਦ ਨੂੰ ਸਮਰਪਿਤ ਕੀਤਾ ਗਿਆ ਹੈ।

Leave a Reply

Your email address will not be published. Required fields are marked *