ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ 1 ਸਤੰਬਰ ਤੋਂ ਐਲਪੀਜੀ ਦੀਆਂ ਕੀਮਤਾਂ ‘ਚ ਤਬਦੀਲੀ ਹੋ ਗਈ ਹੈ। ਤੇਲ ਮਾਰਕੀਟਿੰਗ ਕੰਪਨੀਆਂ ਨੇ ਵਪਾਰਕ ਉਪਯੋਗ ਲਈ ਵਰਤੇ ਜਾਣ ਵਾਲੇ 19 ਕਿਲੋਗ੍ਰਾਮ ਵਾਲੇ ਐਲਪੀਜੀ ਸਿਲੰਡਰ ਦੀ ਕੀਮਤ 51.50 ਰੁਪਏ ਘਟਾ ਦਿੱਤੀ ਹੈ। ਇਸ ਕਟੌਤੀ ਨਾਲ ਹੁਣ ਕਈ ਵਪਾਰਕ ਖਪਤਕਾਰਾਂ ਜਿਵੇਂ ਕਿ ਹੋਟਲ, ਰੈਸਟੋਰੈਂਟ ਅਤੇ ਕੈਟਰੀੰਗ ਕਾਰੋਬਾਰੀਆਂ ਨੂੰ ਸਿੱਧਾ ਫਾਇਦਾ ਹੋਵੇਗਾ।
ਦਿੱਲੀ ਵਿੱਚ 19 ਕਿਲੋਗ੍ਰਾਮ ਵਾਲੇ ਵਪਾਰਕ ਸਿਲੰਡਰ ਦੀ ਨਵੀਂ ਪ੍ਰਚੂਨ ਕੀਮਤ ₹1,580 ਹੋ ਗਈ ਹੈ। ਹਾਲਾਂਕਿ, ਘਰੇਲੂ ਉਪਭੋਗਤਾ ਲਈ 14.2 ਕਿਲੋਗ੍ਰਾਮ ਵਾਲੇ ਸਿਲੰਡਰ ਦੀ ਕੀਮਤ ‘ਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ, ਜਿਸ ਨਾਲ ਆਮ ਪਰਿਵਾਰਾਂ ਨੂੰ ਰਾਹਤ ਰਹੀ ਹੈ।
ਲਗਾਤਾਰ ਹੋ ਰਹੀਆਂ ਕਟੌਤੀਆਂ
ਪਿਛਲੇ ਕੁਝ ਮਹੀਨਿਆਂ ਤੋਂ ਵਪਾਰਕ ਸਿਲੰਡਰਾਂ ਦੀਆਂ ਕੀਮਤਾਂ ‘ਚ ਲਗਾਤਾਰ ਕਮੀ ਕੀਤੀ ਜਾ ਰਹੀ ਹੈ। 1 ਅਗਸਤ ਨੂੰ ਕੀਮਤ ਵਿੱਚ ₹33.50 ਦੀ ਕਟੌਤੀ ਕੀਤੀ ਗਈ ਸੀ, ਜਦੋਂ ਕਿ 1 ਜੁਲਾਈ ਨੂੰ ₹58.50 ਘਟਾਏ ਗਏ ਸਨ। ਇਸ ਤੋਂ ਇਲਾਵਾ, ਜੂਨ ਵਿੱਚ ₹24 ਦੀ ਕਟੌਤੀ ਕਰਕੇ ਕੀਮਤ ₹1,723.50 ਤੱਕ ਆ ਗਈ ਸੀ। ਅਪ੍ਰੈਲ ਮਹੀਨੇ ਵਿੱਚ ਇਹ ਕੀਮਤ ₹1,762 ਸੀ। ਫਰਵਰੀ ਵਿੱਚ ₹7 ਦੀ ਕਟੌਤੀ ਹੋਈ ਸੀ, ਪਰ ਮਾਰਚ ਵਿੱਚ ₹6 ਦਾ ਵਾਧਾ ਦਰਜ ਕੀਤਾ ਗਿਆ ਸੀ।
ਘਰੇਲੂ ਖਪਤਕਾਰਾਂ ਲਈ ਸਥਿਤੀ ਜਿਉਂ ਦੀ ਤਿਉਂ
ਭਾਰਤ ਵਿੱਚ ਐਲਪੀਜੀ ਦੀ ਕੁੱਲ ਖਪਤ ਦਾ ਕਰੀਬ 90 ਪ੍ਰਤੀਸ਼ਤ ਹਿੱਸਾ ਘਰੇਲੂ ਵਰਤੋਂ ਲਈ ਹੁੰਦਾ ਹੈ, ਜਦੋਂ ਕਿ ਸਿਰਫ 10 ਪ੍ਰਤੀਸ਼ਤ ਸਿਲੰਡਰ ਵਪਾਰਕ, ਉਦਯੋਗਿਕ ਅਤੇ ਆਟੋਮੋਬਾਈਲ ਖੇਤਰਾਂ ਵਿੱਚ ਵਰਤੇ ਜਾਂਦੇ ਹਨ। ਆਮ ਤੌਰ ‘ਤੇ ਘਰੇਲੂ ਸਿਲੰਡਰਾਂ ਦੀ ਕੀਮਤ ਸਥਿਰ ਰਹਿੰਦੀ ਹੈ, ਜਦੋਂ ਕਿ ਵਪਾਰਕ ਸਿਲੰਡਰਾਂ ਦੀਆਂ ਦਰਾਂ ਵਿੱਚ ਚੜ੍ਹਾਵ-ਉਤਰਾਵ ਆਮ ਗੱਲ ਹੈ।
ਘਰੇਲੂ ਕੁਨੈਕਸ਼ਨਾਂ ਵਿੱਚ ਵਾਧਾ
ਭਾਰਤ ਵਿੱਚ ਪਿਛਲੇ 10 ਸਾਲਾਂ ਦੌਰਾਨ ਘਰੇਲੂ ਐਲਪੀਜੀ ਕੁਨੈਕਸ਼ਨਾਂ ਦੀ ਗਿਣਤੀ ਦੋਹਰੀ ਹੋ ਗਈ ਹੈ। ਅਪ੍ਰੈਲ 2025 ਤੱਕ, ਇਹ ਗਿਣਤੀ ਲਗਭਗ 33 ਕਰੋੜ ਤੱਕ ਪਹੁੰਚ ਚੁੱਕੀ ਹੈ। ਇਹ ਅੰਕੜੇ ਸਾਫ਼ ਦਰਸਾਉਂਦੇ ਹਨ ਕਿ ਭਾਰਤੀ ਪਰਿਵਾਰਾਂ ਲਈ ਰਸੋਈ ਗੈਸ ਹੁਣ ਰੋਜ਼ਾਨਾ ਜੀਵਨ ਦਾ ਅਟੂਟ ਹਿੱਸਾ ਬਣ ਗਈ ਹੈ।