ਕੁਹਾੜਾ – ਚੰਡੀਗੜ੍ਹ ਰੋਡ ’ਤੇ ਸਥਿਤ ਇੱਕ ਪ੍ਰਸਿੱਧ ਸਵੀਟ ਸ਼ਾਪ ਵਿੱਚੋਂ ਮਿਠਾਈ ਖਰੀਦਣ ਤੋਂ ਬਾਅਦ ਗਾਹਕ ਨੂੰ ਹੈਰਾਨ ਕਰਨ ਵਾਲਾ ਨਜ਼ਾਰਾ ਵੇਖਣ ਨੂੰ ਮਿਲਿਆ। ਮਿਠਾਈ ਦੇ ਡੱਬੇ ’ਚੋਂ ਰੇਂਗਦੀਆਂ ਸੁੰਡੀਆਂ ਅਤੇ ਮਰੇ ਕੀੜੇ ਨਿਕਲਣ ਨਾਲ ਗਾਹਕਾਂ ’ਚ ਰੋਸ ਫੈਲ ਗਿਆ।
ਬੰਟੀ ਜੈਸਵਾਲ, ਜਿਸ ਦਾ ਉਸ ਦਿਨ ਜਨਮ ਦਿਨ ਸੀ, ਨੇ ਦੱਸਿਆ ਕਿ ਉਹ ਸਤਿਕਾਰਯੋਗ ਕੈਬਨਿਟ ਮੰਤਰੀ ਹਰਦੀਪ ਸਿੰਘ ਦੇ ਦਫਤਰ ਜਨਮ ਦਿਨ ਮਨਾਉਣ ਲਈ ਗਿਆ ਸੀ। ਜਿਵੇਂ ਹੀ ਮਿਠਾਈ ਦਾ ਡੱਬਾ ਖੋਲ੍ਹਿਆ, ਤਾਂ ਉਸ ਨੇ ਕੀੜੇ-ਸੁੰਡੀਆਂ ਵੇਖ ਕੇ ਹੈਰਾਨੀ ਨਾਲ ਨਾਲ ਗੁੱਸਾ ਵੀ ਮਹਿਸੂਸ ਕੀਤਾ। ਉਸ ਨੇ ਤੁਰੰਤ ਇਹ ਗੱਲ ਦੁਕਾਨਦਾਰ ਨੂੰ ਦੱਸੀ, ਪਰ ਮਾਲਕ ਵਲੋਂ ਕੇਕ ਅਤੇ ਹੋਰ ਮਿਠਾਈ ਫ੍ਰੀ ਦੇਣ ਦੀ ਪੇਸ਼ਕਸ਼ ਕਰਕੇ ਮਾਮਲੇ ਨੂੰ ਰਫਾ-ਦਫਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਬੰਟੀ ਨੇ ਪੇਸ਼ਕਸ਼ ਨੂੰ ਠੁਕਰਾਉਂਦਿਆਂ ਕਿਹਾ ਕਿ ਲੋਕਾਂ ਤੋਂ ਪੈਸੇ ਲੈ ਕੇ ਬਿਮਾਰੀਆਂ ਨਹੀਂ ਪਰੋਸਣ ਦਿੱਤੀਆਂ ਜਾਣਗੀਆਂ। ਇਸ ਤੋਂ ਬਾਅਦ ਉਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਦੁਕਾਨ ਬਾਹਰ ਧਰਨਾ ਸ਼ੁਰੂ ਕਰ ਦਿੱਤਾ।
ਸਥਿਤੀ ਨੂੰ ਕਾਬੂ ਕਰਨ ਲਈ ਦੁਕਾਨਦਾਰ ਨੇ ਪੁਲਿਸ ਨੂੰ ਸੂਚਨਾ ਦਿੱਤੀ। ਮੌਕੇ ’ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਮਿਠਾਈ ਦਾ ਡੱਬਾ ਸੀਲ ਕਰਕੇ ਲਿਖਤੀ ਸ਼ਿਕਾਇਤ ਪ੍ਰਸ਼ਾਸਨ ਨੂੰ ਭੇਜੀ। ਪ੍ਰਸ਼ਾਸਨ ਨੇ ਭਰੋਸਾ ਦਿੱਤਾ ਕਿ ਸਬੰਧਤ ਵਿਭਾਗ ਰਾਹੀਂ ਜਾਂਚ ਕਰਵਾਈ ਜਾਵੇਗੀ ਅਤੇ ਬਣਦੀ ਕਾਰਵਾਈ ਹੋਵੇਗੀ। ਇਸ ਮਾਮਲੇ ’ਚ ਜਦੋਂ ਸਵੀਟ ਸ਼ਾਪ ਮਾਲਕ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ, ਤਾਂ ਉਹ ਜਵਾਬ ਦੇਣ ਤੋਂ ਕਤਰਾਉਂਦੇ ਨਜ਼ਰ ਆਏ।