ਪਟਿਆਲਾ : ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਮਹੱਤਵਪੂਰਨ ਧਰੋਹਰ ਭਾਈ ਕਾਨ ਸਿੰਘ ਨਾਭਾ ਜੀ ਦੁਆਰਾ ਰਚਿਤ “ਗੁਰ ਸ਼ਬਦ ਰਤਨਾਕਰ ਮਹਾਨ ਕੋਸ਼” ਦੀ ਬੇਅਦਬੀ ਦੇ ਮਾਮਲੇ ਨੇ ਗੰਭੀਰ ਰੂਪ ਧਾਰਨ ਕਰ ਲਿਆ ਹੈ। ਇਸ ਸਬੰਧੀ ਪੁਲਸ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਸਮੇਤ ਪੰਜ ਉੱਚ ਅਧਿਕਾਰੀਆਂ ਖ਼ਿਲਾਫ ਥਾਣਾ ਅਰਬਨ ਸਟੇਟ ਪਟਿਆਲਾ ‘ਚ ਕੇਸ ਦਰਜ ਕਰ ਲਿਆ ਹੈ।
ਜਿਨ੍ਹਾਂ ਵਿਅਕਤੀਆਂ ਉੱਤੇ ਇਹ ਕਾਰਵਾਈ ਕੀਤੀ ਗਈ ਹੈ, ਉਨ੍ਹਾਂ ਵਿੱਚ ਵਾਈਸ ਚਾਂਸਲਰ ਡਾ. ਜਗਦੀਪ ਸਿੰਘ, ਡੀਨ ਅਕੈਡਮਿਕ ਜਸਵਿੰਦਰ ਸਿੰਘ, ਰਜਿਸਟਰਾਰ ਡਾ. ਦਵਿੰਦਰ ਸਿੰਘ, ਇੰਚਾਰਜ ਪਬਲਿਕੇਸ਼ਨ ਬਿਊਰੋ ਹਰਜਿੰਦਰ ਪਾਲ ਸਿੰਘ ਅਤੇ ਇਕ ਹੋਰ ਵਿਅਕਤੀ ਸ਼ਾਮਲ ਹਨ। ਪੁਲਸ ਨੇ ਇਹ ਕੇਸ ਮਨਵਿੰਦਰ ਸਿੰਘ, ਨਿਰਮਲਜੀਤ ਸਿੰਘ, ਯਾਦਵਿੰਦਰ ਸਿੰਘ, ਮਨਦੀਪ ਸਿੰਘ, ਸਾਹਿਲਦੀਪ ਸਿੰਘ, ਕੁਲਦੀਪ ਸਿੰਘ ਅਤੇ ਬਲਵਿੰਦਰ ਸਿੰਘ ਦੀ ਸ਼ਿਕਾਇਤ ਦੇ ਆਧਾਰ ‘ਤੇ ਦਰਜ ਕੀਤਾ ਹੈ।
ਸ਼ਿਕਾਇਤਕਰਤਾਵਾਂ ਨੇ ਦੋਸ਼ ਲਗਾਇਆ ਹੈ ਕਿ ਪੰਜਾਬੀ ਯੂਨੀਵਰਸਿਟੀ ਵੱਲੋਂ ਨਾਮਜ਼ਦ ਕਮੇਟੀ ਨੇ ਇਕ ਸਾਜ਼ਿਸ਼ ਅਧੀਨ “ਗੁਰ ਸ਼ਬਦ ਰਤਨਾਕਰ ਮਹਾਨ ਕੋਸ਼” ਦੀਆਂ ਪੋਥੀਆਂ ਨੂੰ ਯੂਨੀਵਰਸਿਟੀ ਕੈਂਪਸ ਦੇ ਬਾਗਵਾਨੀ ਵਿਭਾਗ ਅੰਦਰ ਮਿੱਟੀ ਦੇ ਡੂੰਘੇ ਖੱਡੇ ਵਿਚ ਬਿਨਾਂ ਕਿਸੇ ਮਰਿਆਦਾ ਤੇ ਸਤਿਕਾਰ ਦੇ ਦੱਬ ਦਿੱਤਾ। ਦੋਸ਼ ਹੈ ਕਿ ਇਹ ਕਾਰਵਾਈ ਟੋਏ ਪਾ ਕੇ ਕੀਤੀ ਗਈ ਤੇ ਉਸ ਵਿਚ ਪਾਣੀ ਭਰ ਕੇ ਇਨ੍ਹਾਂ ਪਵਿੱਤਰ ਗ੍ਰੰਥਾਂ ਦੀ ਬੇਅਦਬੀ ਕੀਤੀ ਗਈ। ਸ਼ਿਕਾਇਤਕਰਤਾਵਾਂ ਦਾ ਕਹਿਣਾ ਹੈ ਕਿ ਇਹ ਸਾਰੀ ਘਟਨਾ ਪੂਰੀ ਤਰ੍ਹਾਂ ਸਾਜ਼ਿਸ਼ਨ ਅੰਜਾਮ ਦਿੱਤੀ ਗਈ।
ਇਹ ਵੀ ਯਾਦ ਰਹੇ ਕਿ ਇਸ ਮਾਮਲੇ ਦੇ ਖ਼ਿਲਾਫ ਬੀਤੇ ਦਿਨ ਪੰਜਾਬੀ ਯੂਨੀਵਰਸਿਟੀ ਪਟਿਆਲਾ ‘ਚ ਵਿਦਿਆਰਥੀਆਂ ਵੱਲੋਂ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ। ਇਸ ਦੌਰਾਨ ਸੈਂਕੜਿਆਂ ਵਿਦਿਆਰਥੀਆਂ ਨੇ ਯੂਨੀਵਰਸਿਟੀ ਪ੍ਰਸ਼ਾਸਨ ਖ਼ਿਲਾਫ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨ ਵਿੱਚ ਕਈ ਰਾਜਨੀਤਿਕ ਨੇਤਾ ਵੀ ਸ਼ਾਮਲ ਹੋਏ ਤੇ ਉਨ੍ਹਾਂ ਨੇ ਵੀ ਇਸ ਘਟਨਾ ਦੀ ਸਖ਼ਤ ਨਿੰਦਾ ਕਰਦਿਆਂ ਕਾਰਵਾਈ ਦੀ ਮੰਗ ਕੀਤੀ।
ਇਸ ਕਾਰਨ ਪੰਜਾਬੀ ਯੂਨੀਵਰਸਿਟੀ ਪ੍ਰਸ਼ਾਸਨ ਇਕ ਵੱਡੇ ਵਿਵਾਦ ‘ਚ ਘਿਰ ਗਿਆ ਹੈ। ਪੁਲਸ ਵੱਲੋਂ ਕੇਸ ਦਰਜ ਹੋਣ ਤੋਂ ਬਾਅਦ ਹੁਣ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਮਾਮਲੇ ਦੀ ਗਹਿਰਾਈ ਨਾਲ ਜਾਂਚ ਕਰਕੇ ਸਚਾਈ ਸਾਹਮਣੇ ਲਿਆਂਦੀ ਜਾਵੇਗੀ।