ਮੈਕਸੀਕੋ ਵਿੱਚ ਵੱਡਾ ਸੜਕ ਹਾਦਸਾ: ਗੈਸ ਟੈਂਕਰ ਪਲਟਣ ਤੋਂ ਬਾਅਦ ਧਮਾਕੇ ਨਾਲ ਵਾਪਰੀ ਤਬਾਹੀ, ਤਿੰਨ ਦੀ ਮੌਤ ਤੇ 70 ਤੋਂ ਵੱਧ ਜ਼ਖਮੀ, 18 ਵਾਹਨ ਸੁਆਹ…

ਮੈਕਸੀਕੋ ਸਿਟੀ : ਮੈਕਸੀਕੋ ਵਿੱਚ ਬੁੱਧਵਾਰ ਰਾਤ ਨੂੰ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਨੇ ਸਾਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ। ਇੱਕ ਨੈਸ਼ਨਲ ਹਾਈਵੇਅ ‘ਤੇ ਗੈਸ ਟੈਂਕਰ ਪਲਟ ਗਿਆ ਜਿਸ ਤੋਂ ਬਾਅਦ ਜ਼ੋਰਦਾਰ ਧਮਾਕਾ ਹੋਇਆ ਅਤੇ ਟੈਂਕਰ ਵਿੱਚ ਅੱਗ ਲੱਗ ਗਈ। ਧਮਾਕਾ ਇੰਨਾ ਸ਼ਕਤੀਸ਼ਾਲੀ ਸੀ ਕਿ ਨੇੜਲੇ ਵਾਹਨਾਂ ਨੂੰ ਵੀ ਆਪਣੀ ਲਪੇਟ ਵਿੱਚ ਲੈ ਗਿਆ ਅਤੇ ਦੇਖਦੇ ਹੀ ਦੇਖਦੇ 18 ਵਾਹਨਾਂ ਨੂੰ ਅੱਗ ਨੇ ਸੁਆਹ ਕਰ ਦਿੱਤਾ। ਇਸ ਹਾਦਸੇ ਵਿੱਚ ਘੱਟੋ-ਘੱਟ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ, ਜਦੋਂ ਕਿ 70 ਤੋਂ ਵੱਧ ਲੋਕ ਗੰਭੀਰ ਤੌਰ ‘ਤੇ ਜ਼ਖਮੀ ਹੋਏ ਹਨ।

ਮੁੱਢਲੀ ਜਾਣਕਾਰੀ ਦੇ ਅਨੁਸਾਰ, ਗੈਸ ਟੈਂਕਰ ਤੇਜ਼ੀ ਨਾਲ ਹਾਈਵੇਅ ਤੋਂ ਲੰਘ ਰਿਹਾ ਸੀ ਜਦੋਂ ਡਰਾਈਵਰ ਦਾ ਕੰਟਰੋਲ ਟੈਂਕਰ ‘ਤੇੋਂ ਹੱਟ ਗਿਆ ਅਤੇ ਇਹ ਅਚਾਨਕ ਸੜਕ ‘ਤੇ ਪਲਟ ਗਿਆ। ਪਲਟਣ ਤੋਂ ਕੁਝ ਮਿੰਟਾਂ ਵਿੱਚ ਹੀ ਟੈਂਕਰ ‘ਚ ਭਾਰੀ ਧਮਾਕਾ ਹੋਇਆ, ਜਿਸ ਨਾਲ ਨਾ ਸਿਰਫ਼ ਸੜਕ ‘ਤੇ ਖੜ੍ਹੇ ਵਾਹਨ ਬਲਕਿ ਉਥੋਂ ਲੰਘ ਰਹੀਆਂ ਕਾਰਾਂ, ਬੱਸਾਂ ਅਤੇ ਟਰੱਕ ਵੀ ਅੱਗ ਦੀ ਲਪੇਟ ਵਿੱਚ ਆ ਗਏ। ਹਾਦਸੇ ਦੀ ਥਾਂ ‘ਤੇ ਹਾਹਾਕਾਰ ਮਚ ਗਿਆ, ਚਾਰੇ ਪਾਸੇ ਧੂੰਏਂ ਦੇ ਗੁੱਛੇ ਛਾ ਗਏ ਅਤੇ ਲੋਕਾਂ ਦੀਆਂ ਚੀਕਾਂ ਨਾਲ ਦ੍ਰਿਸ਼ ਦਹਿਲਾ ਦੇਣ ਵਾਲਾ ਬਣ ਗਿਆ।

ਚਸ਼ਮਦੀਦਾਂ ਦੇ ਅਨੁਸਾਰ, ਅੱਗ ਦੀਆਂ ਲਪਟਾਂ ਅਸਮਾਨ ਤੱਕ ਪਹੁੰਚ ਰਹੀਆਂ ਸਨ ਅਤੇ ਕੁਝ ਸਮੇਂ ਲਈ ਸੜਕ ‘ਤੇ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਸੀ। ਧਮਾਕੇ ਦੀ ਗੂੰਜ ਅਤੇ ਝਟਕਾ ਨੇੜਲੇ ਰਿਹਾਇਸ਼ੀ ਇਲਾਕਿਆਂ ਤੱਕ ਮਹਿਸੂਸ ਕੀਤਾ ਗਿਆ। ਲੋਕ ਘਰਾਂ ਤੋਂ ਬਾਹਰ ਨਿਕਲ ਆਏ ਅਤੇ ਇਲਾਕੇ ਵਿੱਚ ਕੁਝ ਘੰਟਿਆਂ ਲਈ ਬਿਜਲੀ ਤੇ ਆਵਾਜਾਈ ਠੱਪ ਹੋ ਗਈ।

ਹਾਦਸੇ ਦੀ ਸੂਚਨਾ ਮਿਲਦੇ ਹੀ ਮੈਕਸੀਕੋ ਸਿਟੀ ਦੀ ਮੇਅਰ ਕਲਾਰਾ ਬਰੂਗਾਡਾ ਨੇ ਐਮਰਜੈਂਸੀ ਸੇਵਾਵਾਂ ਨੂੰ ਤੁਰੰਤ ਮੌਕੇ ‘ਤੇ ਭੇਜਿਆ। ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਘੰਟਿਆਂ ਦੀ ਜ਼ੋਰਦਾਰ ਜ਼ਦੋਜਹਦ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ। ਬਚਾਅ ਟੀਮਾਂ ਨੇ ਸੜਕ ‘ਤੇ ਫਸੇ ਲੋਕਾਂ ਨੂੰ ਬਾਹਰ ਕੱਢਿਆ ਅਤੇ ਜ਼ਖਮੀਆਂ ਨੂੰ ਨੇੜਲੇ ਹਸਪਤਾਲਾਂ ਵਿੱਚ ਦਾਖਲ ਕਰਵਾਇਆ। ਜ਼ਖਮੀਆਂ ਵਿੱਚੋਂ ਘੱਟੋ-ਘੱਟ 19 ਦੀ ਹਾਲਤ ਬਹੁਤ ਨਾਜ਼ੁਕ ਦੱਸੀ ਜਾ ਰਹੀ ਹੈ।

ਪ੍ਰਸ਼ਾਸਨ ਨੇ ਤੁਰੰਤ ਕਾਰਵਾਈ ਕਰਦਿਆਂ ਹਾਈਵੇਅ ਦੇ ਉਸ ਹਿੱਸੇ ਨੂੰ ਜਿੱਥੇ ਹਾਦਸਾ ਵਾਪਰਿਆ, ਪੂਰੀ ਤਰ੍ਹਾਂ ਆਵਾਜਾਈ ਲਈ ਬੰਦ ਕਰ ਦਿੱਤਾ ਹੈ। ਇਸ ਤੋਂ ਇਲਾਵਾ, ਨੇੜਲੇ ਟੋਲ ਪਲਾਜ਼ਾ ਅਤੇ ਪ੍ਰਵੇਸ਼ ਦਰਵਾਜ਼ਿਆਂ ਨੂੰ ਵੀ ਸੀਲ ਕਰ ਦਿੱਤਾ ਗਿਆ ਹੈ ਤਾਂ ਜੋ ਬਚਾਅ ਕਾਰਜਾਂ ਵਿੱਚ ਕੋਈ ਰੁਕਾਵਟ ਨਾ ਆਵੇ। ਸਥਾਨਕ ਪ੍ਰਸ਼ਾਸਨ ਨੇ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਇਹ ਪਤਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਟੈਂਕਰ ਪਲਟਣ ਦੇ ਪਿੱਛੇ ਅਸਲ ਕਾਰਣ ਡਰਾਈਵਰ ਦੀ ਗਲਤੀ ਸੀ ਜਾਂ ਕੋਈ ਤਕਨੀਕੀ ਖ਼ਰਾਬੀ।

ਇਸ ਘਟਨਾ ਨੇ ਸਾਰੇ ਦੇਸ਼ ਵਿੱਚ ਸੁਰੱਖਿਆ ਪ੍ਰਬੰਧਾਂ ‘ਤੇ ਵੱਡੇ ਸਵਾਲ ਖੜੇ ਕਰ ਦਿੱਤੇ ਹਨ। ਲੋਕਾਂ ਵਿੱਚ ਡਰ ਅਤੇ ਚਿੰਤਾ ਦਾ ਮਾਹੌਲ ਹੈ ਅਤੇ ਸਰਕਾਰ ‘ਤੇ ਦਬਾਅ ਬਣ ਰਿਹਾ ਹੈ ਕਿ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਸਖ਼ਤ ਕਦਮ ਚੁੱਕੇ ਜਾਣ।

Leave a Reply

Your email address will not be published. Required fields are marked *