ਮੁਕਤਸਰ ਸਾਹਿਬ: ਸ਼੍ਰੀ ਮੁਕਤਸਰ ਸਾਹਿਬ ਦੇ ਕੋਟਲੀ ਰੋਡ ਨਜ਼ਦੀਕ ਕਾਲੂ ਕੀ ਵਾੜੀ ਕੋਲੋਂ ਲੰਘਦੇ ਰਜਬਾਹੇ ਵਿੱਚ ਅੱਜ ਸਵੇਰੇ ਟੁੱਟਣ ਦੀ ਘਟਨਾ ਨੇ ਸ਼ਹਿਰ ਦੀ ਸੰਘਣੀ ਆਬਾਦੀ ਵਾਲੀ ਬਸਤੀ ਵਾਸੀਆਂ ਵਿੱਚ ਭਿਆਨਕ ਚਿੰਤਾ ਪੈਦਾ ਕਰ ਦਿੱਤੀ। ਰਜਬਾਹੇ ਦੇ ਪਾੜ ਦੇ ਟੁੱਟਣ ਨਾਲ ਬਸਤੀ ਵੱਲ ਪਾਣੀ ਤੇਜ਼ੀ ਨਾਲ ਵਗਣ ਲੱਗਾ, ਜਿਸ ਕਾਰਨ ਲੋਕਾਂ ਨੇ ਆਪਣੇ ਹੀ ਪੱਧਰ ਉੱਤੇ ਬਚਾਅ ਕਾਰਵਾਈ ਸ਼ੁਰੂ ਕਰ ਦਿੱਤੀ।
ਪਾਣੀ ਦੇ ਵਧਦੇ ਖ਼ਤਰੇ ਨੂੰ ਦੇਖਦਿਆਂ ਬਸਤੀ ਵਾਸੀਆਂ, ਜਿਨ੍ਹਾਂ ਵਿੱਚ ਛੋਟੇ ਬੱਚੇ, ਮਹਿਲਾਵਾਂ ਅਤੇ ਬਜ਼ੁਰਗ ਵੀ ਸ਼ਾਮਿਲ ਸਨ, ਨੇ ਇਕ ਦੂਜੇ ਨਾਲ ਮਿਲ ਕੇ ਖਾਲੀ ਬੋਰੇ ਇਕੱਠੇ ਕੀਤੇ ਅਤੇ ਉਹਨਾਂ ਵਿੱਚ ਮਿੱਟੀ ਭਰ ਕੇ ਰਜਬਾਹੇ ਦੇ ਪਾੜ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਇਨ੍ਹਾਂ ਦਾ ਕਹਿਣਾ ਹੈ ਕਿ ਇਹ ਰਜਬਾਹਾ ਹਰ ਸਾਲ ਟੁੱਟਦਾ ਹੈ, ਪਰ ਸਬੰਧਤ ਨਹਿਰ ਵਿਭਾਗ ਵੱਲੋਂ ਕਦੇ ਵੀ ਪੱਕੇ ਅਤੇ ਲੰਬੇ ਸਮੇਂ ਦੇ ਪ੍ਰਬੰਧ ਨਹੀਂ ਕੀਤੇ ਗਏ, ਜਿਸ ਕਾਰਨ ਹਰ ਵਾਰੀ ਬਸਤੀ ਵਾਸੀਆਂ ਨੂੰ ਆਪਣੇ ਹੀ ਪੱਧਰ ਉੱਤੇ ਸੰਘਰਸ਼ ਕਰਨਾ ਪੈਂਦਾ ਹੈ।
ਇਲਾਕਾ ਵਾਸੀਆਂ ਨੇ ਦੱਸਿਆ ਕਿ ਜਦੋਂ ਪਾਣੀ ਘਰਾਂ ਵੱਲ ਵਗਣ ਲੱਗਾ, ਤਾਂ ਉਨ੍ਹਾਂ ਨੇ ਤੁਰੰਤ ਕਾਰਵਾਈ ਕੀਤੀ ਕਿਉਂਕਿ ਨਾ ਤਾਂ ਕੋਈ ਨਹਿਰ ਵਿਭਾਗ ਦਾ ਅਧਿਕਾਰੀ ਮੌਕੇ ‘ਤੇ ਪਹੁੰਚਿਆ ਅਤੇ ਨਾ ਹੀ ਪ੍ਰਸ਼ਾਸਨ ਵੱਲੋਂ ਕੋਈ ਸਹਾਇਤਾ ਮਿਲੀ। ਮੁਹੱਲਾ ਵਾਸੀਆਂ ਦਾ ਕਹਿਣਾ ਹੈ ਕਿ ਜੇ ਲੋਕ ਆਪਣੇ ਹੀ ਪੱਧਰ ਉੱਤੇ ਕਾਰਵਾਈ ਨਾ ਕਰਦੇ ਤਾਂ ਵੱਡਾ ਹਾਦਸਾ ਹੋ ਸਕਦਾ ਸੀ।
ਉਨ੍ਹਾਂ ਨੇ ਸਰਕਾਰ ਅਤੇ ਸੰਬੰਧਤ ਵਿਭਾਗ ਤੋਂ ਮੁੜ ਅਪੀਲ ਕੀਤੀ ਹੈ ਕਿ ਰਜਬਾਹਿਆਂ ਦੀ ਸੁਰੱਖਿਆ ਲਈ ਪੱਕੇ ਪ੍ਰਬੰਧ ਕੀਤੇ ਜਾਣ, ਤਾਂ ਜੋ ਆਉਣ ਵਾਲੇ ਸਮਿਆਂ ਵਿੱਚ ਲੋਕਾਂ ਨੂੰ ਮੁੜ ਇਸ ਤਰ੍ਹਾਂ ਦੇ ਖ਼ਤਰੇ ਦਾ ਸਾਹਮਣਾ ਨਾ ਕਰਨਾ ਪਏ। ਇਸ ਘਟਨਾ ਨੇ ਮੁਕਤਸਰ ਸਾਹਿਬ ਵਿੱਚ ਰਿਹਾਇਸ਼ੀ ਅਤੇ ਵਪਾਰਕ ਇਲਾਕਿਆਂ ਦੀ ਬਿਜਲੀ, ਪਾਣੀ ਅਤੇ ਸੁਰੱਖਿਆ ਪ੍ਰਣਾਲੀ ‘ਤੇ ਵੀ ਸਵਾਲ ਖੜੇ ਕਰ ਦਿੱਤੇ ਹਨ।