ਪੰਜਾਬੀ ਮਨੋਰੰਜਨ ਉਦਯੋਗ ਲਈ ਇਕ ਚਿੰਤਾਜਨਕ ਖ਼ਬਰ ਸਾਹਮਣੇ ਆਈ ਹੈ। ਮਸ਼ਹੂਰ ਗਾਇਕ, ਅਦਾਕਾਰ ਅਤੇ ਨੌਜਵਾਨਾਂ ਦੇ ਚਹਿਤੇ ਸਟਾਰ ਪਰਮੀਸ਼ ਵਰਮਾ ਨਾਲ ਇੱਕ ਗੰਭੀਰ ਹਾਦਸਾ ਵਾਪਰਿਆ ਹੈ। ਜਾਣਕਾਰੀ ਮੁਤਾਬਕ ਇਹ ਹਾਦਸਾ ਅੰਬਾਲਾ ਵਿੱਚ ਹੋ ਰਿਹਾ ਸੀ, ਜਿੱਥੇ ਉਹ ਆਪਣੀ ਆਉਣ ਵਾਲੀ ਪੰਜਾਬੀ ਫਿਲਮ “ਸ਼ੇਰਾ” ਦੀ ਸ਼ੂਟਿੰਗ ਵਿੱਚ ਵਿਅਸਤ ਸਨ।
ਹਾਦਸੇ ਦੌਰਾਨ ਵਾਪਰਿਆ ਕੀ?
ਸੂਤਰਾਂ ਅਨੁਸਾਰ, ਸ਼ੂਟਿੰਗ ਦੌਰਾਨ ਇੱਕ ਐਕਸ਼ਨ ਸੀਨ ਫਿਲਮਾਇਆ ਜਾ ਰਿਹਾ ਸੀ। ਇਸ ਦੌਰਾਨ ਪਰਮੀਸ਼ ਵਰਮਾ ਆਪਣੀ ਕਾਰ ਦੇ ਅੰਦਰ ਬੈਠੇ ਸਨ। ਸੀਨ ਵਿੱਚ ਵਰਤੀ ਗਈ ਨਕਲੀ ਗੋਲੀ ਕਾਰ ਦੇ ਸ਼ੀਸ਼ੇ ਨਾਲ ਟਕਰਾਈ। ਝਟਕੇ ਨਾਲ ਸ਼ੀਸ਼ਾ ਟੁੱਟ ਕੇ ਟੁਕੜਿਆਂ ਵਿੱਚ ਬਿਖਰ ਗਿਆ, ਜਿਸ ਦਾ ਇੱਕ ਟੁਕੜਾ ਸਿੱਧਾ ਪਰਮੀਸ਼ ਦੇ ਚਿਹਰੇ ’ਤੇ ਲੱਗ ਗਿਆ। ਇਸ ਕਾਰਨ ਉਹ ਜ਼ਖਮੀ ਹੋ ਗਏ।
ਹਸਪਤਾਲ ਵਿੱਚ ਲਿਜਾਇਆ ਗਿਆ
ਜਿਵੇਂ ਹੀ ਹਾਦਸਾ ਵਾਪਰਿਆ, ਫਿਲਮ ਯੂਨਿਟ ਵਿੱਚ ਹੜਕੰਪ ਮਚ ਗਿਆ। ਉਨ੍ਹਾਂ ਨੂੰ ਤੁਰੰਤ ਅੰਬਾਲਾ ਦੇ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਵੱਲੋਂ ਉਨ੍ਹਾਂ ਦਾ ਤੁਰੰਤ ਇਲਾਜ ਕੀਤਾ ਗਿਆ। ਹਾਲਾਂਕਿ ਜ਼ਖਮ ਗੰਭੀਰ ਦਿਖਾਈ ਦਿੱਤਾ, ਪਰ ਖੁਸ਼ਕਿਸਮਤੀ ਨਾਲ ਵੱਡੇ ਖ਼ਤਰੇ ਤੋਂ ਉਹ ਬਚ ਗਏ। ਇਲਾਜ ਤੋਂ ਬਾਅਦ ਉਨ੍ਹਾਂ ਨੂੰ ਚੰਡੀਗੜ੍ਹ ਵਾਪਸ ਭੇਜ ਦਿੱਤਾ ਗਿਆ ਹੈ।
ਸ਼ੂਟਿੰਗ ਰੋਕ ਦਿੱਤੀ ਗਈ
ਹਾਦਸੇ ਦੇ ਬਾਅਦ ਫਿਲਮ ਦੀ ਸ਼ੂਟਿੰਗ ਫਿਲਹਾਲ ਰੋਕ ਦਿੱਤੀ ਗਈ ਹੈ। ਫਿਲਮ ਯੂਨਿਟ ਦੇ ਮੈਂਬਰਾਂ ਨੇ ਕਿਹਾ ਕਿ ਸੁਰੱਖਿਆ ਉਪਕਰਨਾਂ ਦੀ ਇੱਕ ਵਾਰ ਫਿਰ ਜਾਂਚ ਕੀਤੀ ਜਾਵੇਗੀ, ਤਾਂ ਜੋ ਅਗਲੇ ਸੀਨਾਂ ਦੌਰਾਨ ਇਸ ਤਰ੍ਹਾਂ ਦੀ ਘਟਨਾ ਨਾ ਵਾਪਰੇ।
ਪਰਮੀਸ਼ ਵਰਮਾ ਦੀ ਪ੍ਰਤੀਕਿਰਿਆ
ਹਾਲਾਂਕਿ ਅਧਿਕਾਰਕ ਤੌਰ ’ਤੇ ਅਜੇ ਤੱਕ ਫਿਲਮ ਯੂਨਿਟ ਜਾਂ ਮੈਨੇਜਮੈਂਟ ਨੇ ਕੋਈ ਵੱਡਾ ਬਿਆਨ ਜਾਰੀ ਨਹੀਂ ਕੀਤਾ ਹੈ, ਪਰ ਪਰਮੀਸ਼ ਵਰਮਾ ਨੇ ਆਪਣੇ ਫੈਨਜ਼ ਨੂੰ ਨਿਰਾਸ਼ ਨਾ ਹੋਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਇੱਕ ਸਟੋਰੀ ਸ਼ੇਅਰ ਕਰਦੇ ਹੋਏ ਲਿਖਿਆ:
“ਇਹ ਘਟਨਾ ਫਿਲਮ ਸ਼ੇਰਾ ਦੇ ਸੈੱਟ ’ਤੇ ਵਾਪਰੀ ਹੈ। ਪਰਮਾਤਮਾ ਦੀ ਕਿਰਪਾ ਨਾਲ ਮੈਂ ਬਿਲਕੁਲ ਠੀਕ ਹਾਂ।”
ਫੈਨਜ਼ ਵਿੱਚ ਚਿੰਤਾ, ਦੁਆਵਾਂ ਦਾ ਦੌਰ
ਜਿਵੇਂ ਹੀ ਇਹ ਖ਼ਬਰ ਸਾਹਮਣੇ ਆਈ, ਸੋਸ਼ਲ ਮੀਡੀਆ ’ਤੇ ਪਰਮੀਸ਼ ਵਰਮਾ ਦੇ ਚਾਹੁਣ ਵਾਲਿਆਂ ਵੱਲੋਂ ਚਿੰਤਾ ਪ੍ਰਗਟ ਕੀਤੀ ਜਾ ਰਹੀ ਹੈ। ਹਜ਼ਾਰਾਂ ਫੈਨਜ਼ ਨੇ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਅਰਦਾਸ ਕੀਤੀ ਹੈ ਅਤੇ ਦਿਲੋਂ ਦੁਆਵਾਂ ਭੇਜੀਆਂ ਹਨ।
ਫਿਲਮ “ਸ਼ੇਰਾ” ਦੀ ਉਮੀਦਾਂ ’ਤੇ ਪਾਣੀ?
“ਸ਼ੇਰਾ” ਫਿਲਮ ਨੂੰ ਪਰਮੀਸ਼ ਵਰਮਾ ਦੇ ਕਰੀਅਰ ਦੀ ਇੱਕ ਵੱਡੀ ਫਿਲਮ ਮੰਨਿਆ ਜਾ ਰਿਹਾ ਸੀ। ਇਸ ਵਿੱਚ ਐਕਸ਼ਨ ਅਤੇ ਡਰਾਮੇ ਦਾ ਖਾਸ ਤੜਕਾ ਹੋਣ ਦੀ ਉਮੀਦ ਹੈ। ਪਰ ਹੁਣ ਹਾਦਸੇ ਕਾਰਨ ਫਿਲਮ ਦੀ ਸ਼ੂਟਿੰਗ ਕਿੰਨੇ ਸਮੇਂ ਲਈ ਰੁਕੇਗੀ, ਇਸ ਬਾਰੇ ਅਧਿਕਾਰਕ ਜਾਣਕਾਰੀ ਆਉਣਾ ਬਾਕੀ ਹੈ।