ਪਟਿਆਲਾ: ਪਰਾਲੀ ਦੀ ਆਗ ਰੋਕਣ ਲਈ ਸਿੱਖਿਆ ਵਿਭਾਗ ਦੇ ਕਰਮਚਾਰੀਆਂ ਨੂੰ ਜ਼ਰੂਰਤ ਤੋਂ ਵੱਧ ਡਿਊਟੀਆਂ ਲੱਗਣ ਦੇ ਮਾਮਲੇ ਨੇ ਅੱਜ ਪਟਿਆਲਾ ਵਿੱਚ ਗੰਭੀਰ ਰੂਪ ਧਾਰ ਲਿਆ। ਅਧਿਕਾਰੀਆਂ ਕੋਲ ਕਈ ਵਾਰੀ ਪੁੱਛਗਿੱਛ ਅਤੇ ਮੰਗ ਕਰਨ ਦੇ ਬਾਵਜੂਦ ਕੋਈ ਸੁਣਵਾਈ ਨਾ ਹੋਣ ਦੇ ਕਾਰਨ, ਸਿੱਖਿਆ ਵਿਭਾਗ ਦੇ ਸਟਾਫ ਨੇ ਧਰਨਾ ਦਿੱਤਾ।
ਧਰਨੇ ਵਿੱਚ ਜ਼ਿਲ੍ਹਾ ਸਿੱਖਿਆ ਦਫਤਰ ਦੇ ਕਲੈਰੀਕਲ ਅਮਲੇ ਨੇ ਦਫਤਰੀ ਕੰਮ ਬੰਦ ਕਰਕੇ ਹਿੱਸਾ ਲਿਆ। ਜਥੇਬੰਦੀ ਦੇ ਜਨਰਲ ਸਕੱਤਰ ਪਵਨ ਸ਼ਰਮਾ ਅਤੇ ਦਫਤਰੀ ਅਮਲੇ ਦੇ ਅਹੁਦੇਦਾਰਾਂ ਨੇ ਸਟਬਲ ਬਰਨਿੰਗ ਵਿਚ ਡਿਊਟੀਆਂ ਲੱਗਣ ਦੇ ਵਿਰੋਧ ਵਿੱਚ ਜੋਰਦਾਰ ਨਾਅਰੇਬਾਜ਼ੀ ਕੀਤੀ। ਉਹਨਾਂ ਨੇ ਐੱਸਡੀਐੱਮ ਦਫਤਰ ਵੱਲੋਂ ਕਲਰਕਾਂ ਦੀਆਂ ਜਾਣ ਬੁੱਝ ਕੇ ਲਗਾਈਆਂ ਜਾ ਰਹੀਆਂ ਡਿਊਟੀਆਂ ਦੀ ਕੜੀ ਨਿੰਦਿਆ ਕੀਤੀ।
ਜ਼ਿਲ੍ਹਾ ਸਿੱਖਿਆ ਅਫਸਰ ਸੰਜੀਵ ਸ਼ਰਮਾ ਧਰਨੇ ਵਾਲਿਆਂ ਕੋਲ ਪਹੁੰਚੇ ਅਤੇ ਕਰਮਚਾਰੀਆਂ ਨੂੰ ਇਹ ਭਰੋਸਾ ਦਿਵਾਇਆ ਕਿ ਸਟਬਲ ਬਰਨਿੰਗ ਵਿੱਚ ਲਗਾਈਆਂ ਜਾ ਰਹੀਆਂ ਡਿਊਟੀਆਂ ਦਾ ਤੁਰੰਤ ਸਥਾਈ ਹੱਲ ਕੀਤਾ ਜਾਵੇਗਾ।
ਮੁਲਾਜ਼ਮਾਂ ਨੇ ਆਪਣੀ ਮੁੱਖ ਸ਼ਿਕਾਇਤ ਦਰਸਾਈ:
- ਸਟਬਲ ਬਰਨਿੰਗ ਵਿੱਚ ਲਗਾਈਆਂ ਗਈਆਂ ਡਿਊਟੀਆਂ ਕਾਰਨ ਦਫਤਰੀ ਕੰਮਕਾਜ ਪ੍ਰਭਾਵਿਤ ਹੋ ਰਿਹਾ ਹੈ।
- ਕਲਰਕਾਂ ਉੱਤੇ ਮਾਨਸਿਕ ਤਣਾਅ ਵਧ ਰਿਹਾ ਹੈ।
- ਬਹੁਤ ਸਾਰੇ ਕਲਰਕਾਂ ਦੀ ਡਿਊਟੀ ਬੀ.ਐੱਲ.ਓ. ਵਜੋਂ ਵੀ ਲੱਗੀ ਹੋਈ ਹੈ, ਜਿਸ ਬਾਰੇ ਐਸਡੀਐਮ ਪਟਿਆਲਾ ਨੂੰ ਦੋ ਵਾਰੀ ਜਾਣੂ ਕਰਵਾਇਆ ਗਿਆ, ਪਰ ਕੋਈ ਪੱਕਾ ਹੱਲ ਨਹੀਂ ਕੀਤਾ ਗਿਆ।
ਦਫਤਰ ਵਿੱਚ 28 ਕਰਮਚਾਰੀ ਹਨ, ਜਿਨ੍ਹਾਂ ਵਿੱਚੋਂ 17 ਕਰਮਚਾਰੀਆਂ ਦੀ ਡਿਊਟੀ ਵਾਧੂ ਕੰਮਾਂ ਤੇ ਲਗਾਈ ਗਈ ਹੈ, ਜਿਸ ਨਾਲ ਸਧਾਰਨ ਦਫਤਰੀ ਕੰਮਕਾਜ ਪ੍ਰਭਾਵਿਤ ਹੋ ਰਿਹਾ ਹੈ।
ਧਰਨਾ ਦੇ ਰਹੇ ਮੁਲਾਜਮਾਂ ਨੇ ਚਿਤਵਾਨੀ ਦਿੱਤੀ ਕਿ ਜੇਕਰ ਇਹ ਡਿਊਟੀਆਂ ਤੁਰੰਤ ਨਹੀਂ ਘਟਾਈਆਂ ਜਾਂਦੀਆਂ, ਤਾਂ ਇਹ ਰੋਸ ਪ੍ਰਦਰਸ਼ਨ ਸਾਰੇ ਪੰਜਾਬ ਵਿੱਚ ਫੈਲਾਇਆ ਜਾ ਸਕਦਾ ਹੈ।