ਮੁੱਲਾਂਪੁਰ ਦਾਖਾ (ਕਾਲੀਆ) – ਭਾਰੀ ਬਾਰਿਸ਼ ਨਾਲ ਸੜਕਾਂ ਦੀ ਖਸਤਾਹਾਲੀ ਅਤੇ ਪਾਣੀ ਨਿਕਾਸ ਪ੍ਰਣਾਲੀ ਦੇ ਫੇਲ੍ਹ ਹੋਣ ’ਤੇ ਭਾਰਤੀ ਕਿਸਾਨ ਯੂਨੀਅਨ (ਏਕਤਾ ਡਕੌਂਦਾ) ਨੇ ਸੋਮਵਾਰ ਨੂੰ ਗੁੜੇ ਟੋਲ ਪਲਾਜ਼ਾ ’ਤੇ ਦੋ ਘੰਟੇ ਦਾ ਧਰਨਾ ਦੇ ਕੇ ਟੋਲ ਫ੍ਰੀ ਕਰ ਦਿੱਤਾ। ਇਸ ਦੌਰਾਨ ਸਵੇਰੇ 10 ਵਜੇ ਤੋਂ 12 ਵਜੇ ਤੱਕ ਹਰ ਕਿਸਮ ਦੀਆਂ ਗੱਡੀਆਂ ਬਿਨਾਂ ਟੋਲ ਫੀਸ ਦਿੱਤੇ ਲੰਘਦੀਆਂ ਰਹੀਆਂ।
ਕਿਸਾਨ ਆਗੂਆਂ ਨੇ ਦੱਸਿਆ ਕਿ ਮੁੱਲਾਂਪੁਰ ਸਰਵਿਸ ਰੋਡ ’ਤੇ ਬਾਰਿਸ਼ ਦਾ ਪਾਣੀ ਖੜ੍ਹਾ ਰਹਿਣ ਅਤੇ ਚਿੱਕੜ ਇਕੱਠਾ ਹੋਣ ਕਾਰਨ ਲੋਕਾਂ ਨੂੰ ਦਿਨ-ਪ੍ਰਤੀਦਿਨ ਬੇਹੱਦ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਸੜਕ ਉੱਤੇ ਡੂੰਘੇ ਖੱਡਿਆਂ ਕਾਰਨ ਵਾਹਨ ਫਸ ਰਹੇ ਸਨ ਅਤੇ ਰਾਹਗੀਰਾਂ ਨੂੰ 2-2 ਫੁੱਟ ਪਾਣੀ ਵਿਚੋਂ ਲੰਘ ਕੇ ਆਪਣਾ ਸਫ਼ਰ ਤੈਅ ਕਰਨਾ ਪੈ ਰਿਹਾ ਸੀ। ਸਕੂਲੀ ਬੱਚੇ ਤੱਕ ਸੜਕ ਕ੍ਰਾਸ ਕਰਦਿਆਂ ਡਿੱਗ ਰਹੇ ਸਨ।
ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਅਤੇ ਜ਼ਿਲਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਨੇ ਦੱਸਿਆ ਕਿ ਸਰਵਿਸ ਰੋਡ ਦੇ ਨਾਲ ਬਣੇ ਨਾਲੇ ਕੂੜੇ-ਕਰਕਟ ਨਾਲ ਭਰੇ ਪਏ ਹਨ ਤੇ ਸਫਾਈ ਨਾ ਹੋਣ ਕਰਕੇ ਬਾਰਿਸ਼ ਦਾ ਪਾਣੀ ਨਿਕਾਸ ਨਹੀਂ ਹੋ ਰਿਹਾ। ਇਸ ਕਾਰਨ ਸੜਕਾਂ ਦੀ ਹਾਲਤ ਖਰਾਬ ਹੋ ਰਹੀ ਹੈ। ਉਨ੍ਹਾਂ ਨੇ ਦੋਸ਼ ਲਾਇਆ ਕਿ ਗੁੜੇ ਟੋਲ ਪਲਾਜ਼ਾ ਪ੍ਰਬੰਧਕਾਂ ਵਲੋਂ ਸੜਕ ਦੀ ਮੁਰੰਮਤ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ, ਹਾਲਾਂਕਿ ਲੁਧਿਆਣਾ ਤੋਂ ਤਲਵੰਡੀ ਭਾਈ ਤੱਕ ਦੀ 84 ਕਿਲੋਮੀਟਰ ਟੋਲ ਸੜਕ ਤੋਂ ਲੱਖਾਂ ਰੁਪਏ ਹਰ ਰੋਜ਼ ਵਸੂਲੇ ਜਾ ਰਹੇ ਹਨ।

ਧਰਨਾ ਦੌਰਾਨ ਕਿਸਾਨਾਂ ਨੇ ਟੋਲ ਪ੍ਰਬੰਧਕਾਂ, ਪੁਲਿਸ ਅਤੇ ਨਗਰ ਕੌਂਸਲ ਮੁੱਲਾਂਪੁਰ ਦੇ ਅਹੁਦੇਦਾਰਾਂ ਨਾਲ ਗੱਲਬਾਤ ਕੀਤੀ। ਟੋਲ ਪਲਾਜ਼ਾ ਮੈਨੇਜਰ, ਐੱਸ. ਐੱਚ. ਓ. ਹਮਰਾਜ ਸਿੰਘ, ਨਗਰ ਕੌਂਸਲ ਪ੍ਰਧਾਨ ਜਸਵਿੰਦਰ ਸਿੰਘ ਹੈਪੀ ਅਤੇ ਕੌਂਸਲਰ ਅਮਨ ਮੁੱਲਾਂਪੁਰ ਨੇ ਭਰੋਸਾ ਦਿਵਾਇਆ ਕਿ ਸੜਕਾਂ ਦੀ ਮੁਰੰਮਤ, ਨਾਲਿਆਂ ਦੀ ਸਫਾਈ ਅਤੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕਰਵਾ ਕੇ ਸਾਰੇ ਮਸਲੇ ਹੱਲ ਕਰਵਾਏ ਜਾਣਗੇ।
ਭਰੋਸਾ ਮਿਲਣ ਤੋਂ ਬਾਅਦ ਕਿਸਾਨਾਂ ਨੇ ਧਰਨਾ ਹਟਾ ਲਿਆ। ਇਸ ਮੌਕੇ ਸੂਬਾ ਆਗੂ ਅਮਨਦੀਪ ਸਿੰਘ ਲਲਤੋਂ, ਰਜਿੰਦਰ ਸਿੰਘ ਭਨੋਹੜ, ਰਣਵੀਰ ਸਿੰਘ ਰੁੜਕਾ, ਗੁਰਪ੍ਰੀਤ ਸਿੰਘ ਲਲਤੋਂ, ਅਜੀਤ ਸਿੰਘ ਧਾਂਦਰਾ, ਹਾਕਮ ਸਿੰਘ ਭੱਟੀਆਂ, ਸੁਖਦੀਪ ਸਿੰਘ, ਜਗਰਾਜ ਸਿੰਘ ਅਤੇ ਸਤਨਾਮ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਮੌਜੂਦ ਰਹੇ।
👉 ਕਿਸਾਨ ਜਥੇਬੰਦੀ ਨੇ ਚੇਤਾਵਨੀ ਦਿੱਤੀ ਕਿ ਜੇਕਰ ਮੁਰੰਮਤ ਅਤੇ ਸਫਾਈ ਦਾ ਕੰਮ ਜਲਦੀ ਨਾ ਕੀਤਾ ਗਿਆ ਤਾਂ ਵੱਡੇ ਪੱਧਰ ’ਤੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।