ਚੰਡੀਗੜ੍ਹ : ਪੋਸਟ ਗ੍ਰੈਜੂਏਟ ਇੰਸਟੀਟਿਊਟ ਆਫ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (PGIMER) ਚੰਡੀਗੜ੍ਹ ਨੇ ਦਿਮਾਗ਼ੀ ਬਿਮਾਰੀਆਂ ਦੇ ਇਲਾਜ ਦੇ ਖੇਤਰ ਵਿੱਚ ਇਕ ਵੱਡੀ ਮੰਜ਼ਿਲ ਹਾਸਲ ਕੀਤੀ ਹੈ। ਇੰਸਟੀਟਿਊਟ ਨੇ ਹੁਣ ਤੱਕ ਗਾਮਾ ਨਾਈਫ ਰੇਡੀਓਸਰਜਰੀ ਤਕਨੀਕ ਰਾਹੀਂ 2 ਹਜ਼ਾਰ ਤੋਂ ਵੱਧ ਮਰੀਜ਼ਾਂ ਦਾ ਸਫਲ ਇਲਾਜ ਕੀਤਾ ਹੈ। ਇਸ ਪ੍ਰਾਪਤੀ ਪਿੱਛੇ ਨਿਊਰੋਸਰਜਰੀ ਅਤੇ ਨਿਊਰੋਸਾਇੰਸਿਸ ਵਿਭਾਗ ਦੇ ਡਾ. ਸੁਸ਼ਾਂਤ ਕੁਮਾਰ ਸਾਹੂ, ਡਾ. ਰੇਣੂ ਮਦਾਨ, ਡਾ. ਨਰਿੰਦਰ ਕੁਮਾਰ, ਡਾ. ਐੱਸ.ਐੱਸ. ਢੰਡਪਾਣੀ ਅਤੇ ਡਾ. ਚਿਰਾਗ ਆਹੂਜਾ ਦੀ ਅਹਿਮ ਭੂਮਿਕਾ ਹੈ।
ਬਿਨਾਂ ਚੀਰੇ ਤੇ ਬਿਨਾਂ ਆਪਰੇਸ਼ਨ, ਦਿਮਾਗ਼ੀ ਟਿਊਮਰਾਂ ਦਾ ਇਲਾਜ
ਗਾਮਾ ਨਾਈਫ ਇਕ ਅਜਿਹੀ ਉੱਚ ਪੱਧਰੀ ਤਕਨੀਕ ਹੈ ਜਿਸ ਨਾਲ ਦਿਮਾਗ਼ ਦੇ ਟਿਊਮਰਾਂ ਅਤੇ ਹੋਰ ਗੁੰਝਲਦਾਰ ਬਿਮਾਰੀਆਂ ਦਾ ਇਲਾਜ ਬਿਲਕੁਲ ਸਟੀਕ ਰੇਡੀਏਸ਼ਨ ਰਾਹੀਂ ਕੀਤਾ ਜਾਂਦਾ ਹੈ। ਇਸ ਵਿੱਚ ਮਰੀਜ਼ਾਂ ਨੂੰ ਨਾ ਵੱਡੇ ਆਪਰੇਸ਼ਨ ਦੀ ਲੋੜ ਹੁੰਦੀ ਹੈ ਤੇ ਨਾ ਹੀ ਹਸਪਤਾਲ ਵਿੱਚ ਲੰਬੇ ਸਮੇਂ ਲਈ ਭਰਤੀ ਰਹਿਣ ਦੀ।
ਡਾਕਟਰਾਂ ਮੁਤਾਬਕ, ਇਹ ਤਕਨੀਕ ਖ਼ਾਸ ਕਰਕੇ ਉਨ੍ਹਾਂ ਟਿਊਮਰਾਂ ਲਈ ਕਾਫੀ ਲਾਭਕਾਰੀ ਹੈ ਜੋ ਖੋਪੜੀ ਦੇ ਡੂੰਘੇ ਹਿੱਸਿਆਂ ਵਿੱਚ ਨਾਜ਼ੁਕ ਨਸਾਂ ਅਤੇ ਖ਼ੂਨ ਦੀਆਂ ਨਾੜੀਆਂ ਦੇ ਨੇੜੇ ਹੁੰਦੇ ਹਨ। ਮੇਨਿੰਜੀਓਮਾ, ਸੀਪੀ ਐਂਗਲ ਟਿਊਮਰ, ਕਾਰਡੋਮਾ, ਏ.ਵੀ.ਐੱਮ. (Arteriovenous Malformation), ਕੈਵਰਨਸ ਸਾਈਨਸ ਟਿਊਮਰ ਅਤੇ ਟ੍ਰਾਈਜੇਮਿਨਲ ਨਿਊਰਲਜੀਆ ਵਰਗੀਆਂ ਸਥਿਤੀਆਂ ਵਿੱਚ ਇਹ ਤਕਨੀਕ ਬੇਹੱਦ ਪ੍ਰਭਾਵਸ਼ਾਲੀ ਸਾਬਤ ਹੋ ਰਹੀ ਹੈ।
ਮਰੀਜ਼ਾਂ ਲਈ ਵੱਡੀ ਰਾਹਤ : ਉਸੇ ਦਿਨ ਛੁੱਟੀ
ਗਾਮਾ ਨਾਈਫ ਦੀ ਖ਼ਾਸੀਅਤ ਇਹ ਹੈ ਕਿ ਇਲਾਜ ਤੋਂ ਬਾਅਦ ਮਰੀਜ਼ ਨੂੰ ਲੰਬੇ ਰਿਕਵਰੀ ਪੀਰੀਅਡ ਦੀ ਲੋੜ ਨਹੀਂ ਪੈਂਦੀ। ਬਹੁਤ ਸਾਰੇ ਮਰੀਜ਼ ਉਸੇ ਦਿਨ ਹਸਪਤਾਲ ਤੋਂ ਛੁੱਟੀ ਪ੍ਰਾਪਤ ਕਰਕੇ ਵਾਪਸ ਘਰ ਚਲੇ ਜਾਂਦੇ ਹਨ। ਇਸ ਕਾਰਨ ਇਹ ਤਕਨੀਕ ਨਾ ਸਿਰਫ਼ ਸੁਰੱਖਿਅਤ ਹੈ, ਸਗੋਂ ਮਰੀਜ਼ ਅਤੇ ਉਨ੍ਹਾਂ ਦੇ ਪਰਿਵਾਰ ਲਈ ਸੁਵਿਧਾਜਨਕ ਵੀ ਹੈ।
ਖੋਜ ਅਤੇ ਨਵੀਆਂ ਤਕਨੀਕਾਂ ਵਿੱਚ ਅੱਗੇ
ਡਾ. ਸੁਸ਼ਾਂਤ ਅਤੇ ਉਨ੍ਹਾਂ ਦੀ ਟੀਮ ਨੇ ਗਾਮਾ ਨਾਈਫ ਨਾਲ ਜੁੜੀਆਂ ਕਈ ਨਵੀਆਂ ਖੋਜਾਂ ਅਤੇ ਤਕਨੀਕੀ ਸੁਧਾਰ ਵੀ ਕੀਤੇ ਹਨ। ਇਸ ਨਾਲ ਇਲਾਜ ਦੀ ਲਾਗਤ ਘੱਟ ਰਹੀ ਹੈ ਅਤੇ ਮਰੀਜ਼ਾਂ ਨੂੰ ਵਧੀਆ ਨਤੀਜੇ ਘੱਟ ਸਮੇਂ ਵਿੱਚ ਪ੍ਰਾਪਤ ਹੋ ਰਹੇ ਹਨ।
ਦੂਰ-ਦੁਰਾਡੇ ਸੂਬਿਆਂ ਤੋਂ ਵੀ ਆ ਰਹੇ ਮਰੀਜ਼
PGI ਦੀ ਇਸ ਸਫਲਤਾ ਨੇ ਨਾ ਸਿਰਫ਼ ਉੱਤਰੀ ਭਾਰਤ, ਸਗੋਂ ਦੱਖਣੀ ਰਾਜਾਂ ਦੇ ਮਰੀਜ਼ਾਂ ਨੂੰ ਵੀ ਚੰਡੀਗੜ੍ਹ ਖਿੱਚਿਆ ਹੈ। ਕੇਰਲ, ਆਂਧਰਾ ਪ੍ਰਦੇਸ਼, ਕਰਨਾਟਕ ਵਰਗੇ ਦੂਰਲੇ ਸੂਬਿਆਂ ਤੋਂ ਵੀ ਮਰੀਜ਼ ਇੱਥੇ ਇਲਾਜ ਲਈ ਆ ਰਹੇ ਹਨ। ਘੱਟ ਲਾਗਤ, ਘੱਟ ਉਡੀਕ ਸਮਾਂ ਅਤੇ ਅੰਤਰਰਾਸ਼ਟਰੀ ਪੱਧਰ ਦੀ ਸਹੂਲਤਾਂ ਕਾਰਨ PGI ਹੁਣ ਦਿਮਾਗ਼ੀ ਬਿਮਾਰੀਆਂ ਦੇ ਇਲਾਜ ਦਾ ਕੇਂਦਰ ਬਣਦਾ ਜਾ ਰਿਹਾ ਹੈ।
ਮਰੀਜ਼ਾਂ ਲਈ ਨਵੀਂ ਉਮੀਦ
ਇਹ ਵੱਡੀ ਪ੍ਰਾਪਤੀ ਹਜ਼ਾਰਾਂ ਮਰੀਜ਼ਾਂ ਲਈ ਇੱਕ ਨਵੀਂ ਉਮੀਦ ਲੈ ਕੇ ਆਈ ਹੈ। ਗੁੰਝਲਦਾਰ ਦਿਮਾਗ਼ੀ ਬਿਮਾਰੀਆਂ ਨਾਲ ਜੂਝ ਰਹੇ ਲੋਕ ਹੁਣ ਬਿਨਾਂ ਵੱਡੇ ਆਪਰੇਸ਼ਨ ਤੇ ਬਿਨਾਂ ਖ਼ੂਨ ਵਹਾਏ ਇਲਾਜ ਪ੍ਰਾਪਤ ਕਰ ਰਹੇ ਹਨ, ਜਿਸ ਨਾਲ ਉਨ੍ਹਾਂ ਦੀ ਜ਼ਿੰਦਗੀ ਦੀ ਗੁਣਵੱਤਾ ਵਿੱਚ ਵੱਡਾ ਸੁਧਾਰ ਹੋ ਰਿਹਾ ਹੈ।