Punjab Floods : ‘ਮੇਹਰ’ ਫਿਲਮ ਦੀ ਟੀਮ ਦਾ ਵੱਡਾ ਫੈਸਲਾ – ਪਹਿਲੇ ਦਿਨ ਦੀ ਕਮਾਈ ਹੜ੍ਹ ਪੀੜਤਾਂ ਲਈ ਦਾਨ…

ਪੰਜਾਬ ਇਸ ਸਮੇਂ ਹੜ੍ਹਾਂ ਦੀ ਵੱਡੀ ਮਾਰ ਝੱਲ ਰਿਹਾ ਹੈ। ਕਈ ਲੋਕ ਆਪਣੇ ਘਰ-ਦੁਆਰ, ਰੋਜ਼ੀ-ਰੋਟੀ ਅਤੇ ਜ਼ਿੰਦਗੀ ਦੀਆਂ ਜ਼ਰੂਰੀ ਚੀਜ਼ਾਂ ਤੋਂ ਵਾਂਝੇ ਹੋ ਗਏ ਹਨ। ਇਸ ਮੁਸ਼ਕਲ ਘੜੀ ਵਿੱਚ ਹਰ ਕੋਈ ਆਪਣੀ ਸਮਰੱਥਾ ਅਨੁਸਾਰ ਮਦਦ ਲਈ ਹੱਥ ਵਧਾ ਰਿਹਾ ਹੈ।

ਇਸੇ ਦੌਰਾਨ ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਅਤੇ ਅਦਾਕਾਰ ਰਾਜ ਕੁੰਦਰਾ ਵੀ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਅੱਗੇ ਆਏ ਹਨ। ਉਨ੍ਹਾਂ ਐਲਾਨ ਕੀਤਾ ਹੈ ਕਿ ਉਨ੍ਹਾਂ ਦੀ ਆਉਣ ਵਾਲੀ ਪੰਜਾਬੀ ਫਿਲਮ ‘ਮੇਹਰ’ ਦੀ ਪਹਿਲੇ ਦਿਨ ਦੀ ਬਾਕਸ ਆਫਿਸ ਕਮਾਈ ਸਾਰੀ ਦੀ ਸਾਰੀ ਹੜ੍ਹ ਰਾਹਤ ਲਈ ਦਾਨ ਕੀਤੀ ਜਾਵੇਗੀ।

ਰਾਜ ਕੁੰਦਰਾ ਨੇ ਇਹ ਜਾਣਕਾਰੀ ਆਪਣੇ ਇੰਸਟਾਗ੍ਰਾਮ ‘ਤੇ ਸਾਂਝੀ ਕਰਦਿਆਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਅੱਗੇ ਆ ਕੇ ਲੋੜਵੰਦ ਪਰਿਵਾਰਾਂ ਦਾ ਸਹਾਰਾ ਬਣਨ। ਉਹ ਅੱਜ ਖ਼ੁਦ ਕੁਝ ਹੜ੍ਹ ਪ੍ਰਭਾਵਿਤ ਪਿੰਡਾਂ ‘ਚ ਗਏ ਅਤੇ ਉੱਥੇ ਦੀ ਹਾਲਤ ਵੇਖ ਕੇ ਕਿਹਾ ਕਿ ਉਨ੍ਹਾਂ ਨੂੰ ਬਹੁਤ ਦੁੱਖ ਹੋਇਆ।

“ਇਹ ਕੋਈ ਫਿਲਮ ਪ੍ਰਮੋਸ਼ਨ ਨਹੀਂ” – ਰਾਜ ਕੁੰਦਰਾ

ਆਪਣੀ ਪੋਸਟ ਵਿੱਚ ਉਨ੍ਹਾਂ ਸਾਫ਼ ਲਿਖਿਆ ਕਿ ਇਹ ਫਿਲਮ ਦਾ ਪ੍ਰਚਾਰ ਨਹੀਂ, ਸਗੋਂ ਇੱਕ ਮਨੁੱਖੀ ਫਰਜ਼ ਹੈ। ਉਨ੍ਹਾਂ ਕਿਹਾ – “ਸਿਨੇਮਾ ਇੰਤਜ਼ਾਰ ਕਰ ਸਕਦਾ ਹੈ ਪਰ ਇਨ੍ਹਾਂ ਲੋਕਾਂ ਨੂੰ ਤੁਰੰਤ ਮਦਦ ਦੀ ਲੋੜ ਹੈ। ਇਹ ਲੋਕ ਆਪਣਾ ਘਰ, ਰੋਟੀ ਅਤੇ ਬੁਨਿਆਦੀ ਚੀਜ਼ਾਂ ਗੁਆ ਚੁੱਕੇ ਹਨ।”

ਇਸੇ ਲਈ ਉਨ੍ਹਾਂ ਨੇ ਫਿਲਮ ‘ਮੇਹਰ’ ਦੀ ਪਹਿਲੇ ਦਿਨ ਦੀ ਕਮਾਈ ਦਾਨ ਕਰਨ ਦਾ ਵੱਡਾ ਫੈਸਲਾ ਕੀਤਾ। ਰਾਜ ਕੁੰਦਰਾ ਨੇ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਹ ਪੰਜਾਬ ਅਤੇ ਸਾਰੇ ਪ੍ਰਭਾਵਿਤ ਲੋਕਾਂ ‘ਤੇ ਮਿਹਰ ਕਰੇ। ਨਾਲ ਹੀ ਸਭ ਪੰਜਾਬੀਆਂ ਨੂੰ ਇਕੱਠੇ ਹੋ ਕੇ ਹੜ੍ਹ ਪੀੜਤਾਂ ਦਾ ਸਾਥ ਦੇਣ ਦੀ ਅਪੀਲ ਕੀਤੀ।

ਫਿਲਮ ਦੀ ਰਿਲੀਜ਼ ਮਿਤੀ ਵੀ ਬਦਲੇਗੀ

‘ਮੇਹਰ’ ਰਾਜ ਕੁੰਦਰਾ ਦੀ ਪਹਿਲੀ ਪੰਜਾਬੀ ਫਿਲਮ ਹੈ, ਜਿਸ ‘ਚ ਉਹ ਅਦਾਕਾਰ ਵਜੋਂ ਦਿਖਾਈ ਦੇਣਗੇ। ਫਿਲਮ ਵਿੱਚ ਗੀਤਾ ਬਸਰਾ, ਬਨਿੰਦਰ ਬਾਣੀ, ਸਵਿਤਾ ਭੱਟੀ, ਰੁਪਿੰਦਰ ਰੂਪੀ, ਦੀਪ ਮਨਦੀਪ, ਆਸ਼ੀਸ਼ ਦੁੱਗਲ, ਹੌਬੀ ਧਾਲੀਵਾਲ, ਤਰਸੇਮ ਪਾਲ ਅਤੇ ਕੁਲਵੀਰ ਸੋਨੀ ਵੀ ਮਹੱਤਵਪੂਰਨ ਕਿਰਦਾਰ ਨਿਭਾਉਣਗੇ।

ਇਹ ਫਿਲਮ ਪਹਿਲਾਂ 5 ਸਤੰਬਰ ਨੂੰ ਰਿਲੀਜ਼ ਹੋਣੀ ਸੀ ਪਰ ਹੁਣ ਹੜ੍ਹ ਦੀ ਸਥਿਤੀ ਕਾਰਨ ਇਸਦੀ ਤਾਰੀਖ ਬਦਲੀ ਜਾਵੇਗੀ।

Leave a Reply

Your email address will not be published. Required fields are marked *