ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ “ਯੁੱਧ ਨਸ਼ਿਆਂ ਵਿਰੁੱਧ” ਨੂੰ ਵੱਡੀ ਕਾਮਯਾਬੀ ਮਿਲੀ ਹੈ। ਵਿਸ਼ੇਸ਼ ਜਾਂਚ ਟੀਮ (SIT) ਦੇ ਸੁਚੱਜੇ ਯਤਨਾਂ ਨਾਲ ਕੈਨੇਡਾ-ਅਧਾਰਤ ਅੰਤਰਰਾਸ਼ਟਰੀ ਡਰੱਗ ਤਸਕਰ ਸਤਪ੍ਰੀਤ ਸਿੰਘ ਥਿਆੜਾ ਉਰਫ ਸੱਤਾ ਵਿਰੁੱਧ ਇੰਟਰਪੋਲ ਨੇ ਬਲੂ ਕਾਰਨਰ ਨੋਟਿਸ ਜਾਰੀ ਕਰ ਦਿੱਤਾ ਹੈ।
2021 ਦੇ ਮਾਮਲੇ ਵਿੱਚ ਨਾਮਜ਼ਦ ਸੀ ਸਹਿ-ਮੁਲਜ਼ਮ
ਸਤਪ੍ਰੀਤ ਸਿੰਘ ਸੱਤਾ, ਜੋ ਨਵਾਂਸ਼ਹਿਰ ਦੇ ਪਿੰਡ ਬੰਗਾ ਦਾ ਰਹਿਣ ਵਾਲਾ ਹੈ, ਦਾ ਨਾਂ ਸਾਲ 2021 ਵਿੱਚ ਦਰਜ ਹੋਏ ਇੱਕ ਵੱਡੇ ਕੇਸ ਵਿੱਚ ਸਾਹਮਣੇ ਆਇਆ ਸੀ। ਇਹੀ ਉਹ ਕੇਸ ਸੀ ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਵਿਰੁੱਧ NDPS ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਉਸ ਸਮੇਂ ਸੱਤਾ ਨੂੰ ਸਹਿ-ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਸੀ। ਇਸ ਸੰਬੰਧੀ ਐਫਆਈਆਰ ਨੰਬਰ 02, ਮਿਤੀ 20 ਦਸੰਬਰ 2021 ਨੂੰ ਪੰਜਾਬ ਸਟੇਟ ਕ੍ਰਾਈਮ ਪੁਲਿਸ ਸਟੇਸ਼ਨ, ਐਸਏਐਸ ਨਗਰ ਵਿੱਚ ਦਰਜ ਕੀਤੀ ਗਈ ਸੀ।
6000 ਕਰੋੜ ਦੇ ਰੈਕੇਟ ਨਾਲ ਜੁੜੇ ਸਬੰਧ
ਜਾਂਚ ਦੌਰਾਨ ਇਹ ਖੁਲਾਸਾ ਹੋਇਆ ਕਿ ਸਤਪ੍ਰੀਤ ਸਿੰਘ ਸੱਤਾ ਦਾ ਨਾਂ ਭੋਲਾ ਡਰੱਗ ਰੈਕੇਟ ਨਾਲ ਵੀ ਜੁੜਿਆ ਹੋਇਆ ਹੈ। 2007 ਤੋਂ 2013 ਦੇ ਦਰਮਿਆਨ ਉਹ ਕਈ ਵਾਰ ਕੈਨੇਡਾ ਤੋਂ ਭਾਰਤ ਆਉਂਦਾ ਰਿਹਾ ਅਤੇ ਇਸ ਸਮੇਂ ਦੌਰਾਨ ਉਸਦੀ ਸਾਂਝ ਨਾ ਕੇਵਲ ਡਰੱਗ ਮਾਫੀਆ ਨਾਲ ਸੀ, ਸਗੋਂ ਵੱਖ-ਵੱਖ ਰਾਜਨੀਤਿਕ ਹਸਤੀਆਂ ਨਾਲ ਵੀ ਉਸਦੇ ਨੇੜਲੇ ਸਬੰਧ ਬਣੇ ਰਹੇ। ਅੰਤਰਰਾਸ਼ਟਰੀ ਪੱਧਰ ‘ਤੇ ਚੱਲ ਰਿਹਾ ਇਹ ਡਰੱਗ ਰੈਕੇਟ ਲਗਭਗ 6000 ਕਰੋੜ ਰੁਪਏ ਦਾ ਮੰਨਿਆ ਜਾਂਦਾ ਹੈ।
ਬਲੂ ਨੋਟਿਸ ਦਾ ਕੀ ਅਰਥ ਹੈ?
ਪੰਜਾਬ ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ SIT ਦੀ ਬੇਨਤੀ ‘ਤੇ ਇੰਟਰਪੋਲ ਨੇ ਇਹ ਕਾਰਵਾਈ ਕੀਤੀ ਹੈ। ਬਲੂ ਕਾਰਨਰ ਨੋਟਿਸ ਦਾ ਮਤਲਬ ਹੈ ਕਿ ਕਿਸੇ ਵਿਅਕਤੀ ਦੀ ਪਛਾਣ, ਉਸਦੀ ਸਥਿਤੀ ਜਾਂ ਗਤੀਵਿਧੀਆਂ ਬਾਰੇ ਵਧੇਰੇ ਜਾਣਕਾਰੀ ਇਕੱਠੀ ਕਰਨ ਲਈ ਅੰਤਰਰਾਸ਼ਟਰੀ ਏਜੰਸੀਆਂ ਨੂੰ ਅਧਿਕਾਰਤ ਤੌਰ ‘ਤੇ ਹੁਕਮ ਜਾਰੀ ਹੋਣਾ। ਇਸ ਨਾਲ ਹੁਣ ਸਤਪ੍ਰੀਤ ਸਿੰਘ ਸੱਤਾ ਦੀ ਹਰ ਹਿਲਚਲ ਤੇ ਕੜੀ ਨਿਗਰਾਨੀ ਰੱਖੀ ਜਾਵੇਗੀ।
ਨਸ਼ਿਆਂ ਵਿਰੁੱਧ ਸਰਕਾਰ ਦੀ ਕਮਰਕੱਸ ਮੁਹਿੰਮ
ਪੰਜਾਬ ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਨਸ਼ਿਆਂ ਦੇ ਖ਼ਿਲਾਫ਼ ਕੋਈ ਵੀ ਬਚ ਨਹੀਂ ਸਕੇਗਾ, ਚਾਹੇ ਉਹ ਸਥਾਨਕ ਪੱਧਰ ਦਾ ਤਸਕਰ ਹੋਵੇ ਜਾਂ ਅੰਤਰਰਾਸ਼ਟਰੀ ਡਰੱਗ ਮਾਫੀਆ ਦਾ ਵੱਡਾ ਚਿਹਰਾ। ਇਹ ਬਲੂ ਨੋਟਿਸ ਇਸ ਗੱਲ ਦਾ ਪ੍ਰਮਾਣ ਹੈ ਕਿ ਸਰਕਾਰ ਅਤੇ ਪੁਲਿਸ ਵਿਭਾਗ ਮਿਲ ਕੇ ਨਸ਼ਿਆਂ ਦੇ ਪੂਰੇ ਗਠਜੋੜ ਨੂੰ ਤੋੜਨ ਲਈ ਗੰਭੀਰ ਹਨ।