ਚੰਡੀਗੜ੍ਹ – ਪੰਜਾਬ ਪੁਲਿਸ ਦੀ ਕਾਊਂਟਰ ਇੰਟੈਲੀਜੈਂਸ ਜਲੰਧਰ ਟੀਮ ਨੇ ਬੱਬਰ ਖਾਲਸਾ ਇੰਟਰਨੈਸ਼ਨਲ (BKI) ਦੇ ਟੈਰਰ ਮਾਡਿਊਲ ਨੂੰ ਇਕ ਹੋਰ ਵੱਡਾ ਝਟਕਾ ਦਿੱਤਾ ਹੈ। ਪੁਲਿਸ ਨੇ ਮਾਡਿਊਲ ਦੇ ਦੋ ਹੋਰ ਕਾਰਕੁੰਨਾਂ – ਵਿਸ਼ਵਜੀਤ ਅਤੇ ਜੈਕਸਨ (ਦੋਵੇਂ ਨਕੋਦਰ ਦੇ ਸ਼ੰਕਰ ਪਿੰਡ ਦੇ ਰਹਿਣ ਵਾਲੇ) – ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਇੱਕ 86ਪੀ ਹੈਂਡ ਗ੍ਰਨੇਡ ਬਰਾਮਦ ਕੀਤਾ ਹੈ। ਇਹ ਜਾਣਕਾਰੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਦਿੱਤੀ।
ਡੀਜੀਪੀ ਮੁਤਾਬਕ, ਇਸ ਤੋਂ ਪਹਿਲਾਂ ਵੀ ਨਵਾਂਸ਼ਹਿਰ ਗ੍ਰਨੇਡ ਹਮਲੇ ਵਿੱਚ ਸ਼ਾਮਲ ਇਸੇ ਮਾਡਿਊਲ ਦੇ ਪੰਜ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਨ੍ਹਾਂ ਵਿੱਚ ਰਿਤਿਕ ਨਰੋਲੀਆ, ਸੋਨੂ ਕੁਮਾਰ ਉਰਫ਼ ਕਾਲੀ ਅਤੇ ਤਿੰਨ ਨਾਬਾਲਗ ਸ਼ਾਮਲ ਸਨ। ਉਸ ਸਮੇਂ ਵੀ ਪੁਲਿਸ ਨੇ ਇੱਕ ਹੈਂਡ ਗ੍ਰਨੇਡ ਅਤੇ ਪਿਸਤੌਲ ਬਰਾਮਦ ਕੀਤਾ ਸੀ।
ਜਾਂਚ ਦੌਰਾਨ ਖੁਲਾਸਾ ਹੋਇਆ ਕਿ ਗ੍ਰਿਫ਼ਤਾਰ ਕੀਤੇ ਗਏ ਸਾਰੇ ਮੁਲਜ਼ਮ ਕੈਨੇਡਾ ਵਿਚ ਬੈਠੇ BKI ਦੇ ਮਾਸਟਰਮਾਈਂਡ ਜੀਸ਼ਾਨ ਅਖਤਰ ਅਤੇ ਅਜੇ ਗਿੱਲ ਦੇ ਇਸ਼ਾਰਿਆਂ ’ਤੇ ਕੰਮ ਕਰ ਰਹੇ ਸਨ।
AIG ਕਾਊਂਟਰ ਇੰਟੈਲੀਜੈਂਸ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਵਿਸ਼ਵਜੀਤ ਅਤੇ ਜੈਕਸਨ ਨੇ ਜੁਲਾਈ ਦੇ ਆਖ਼ਰੀ ਹਫ਼ਤੇ ਵਿੱਚ ਆਪਣੇ ਸਾਥੀਆਂ ਰਾਹੀਂ ਬਿਆਸ ਤੋਂ ਦੋ ਹੈਂਡ ਗ੍ਰਨੇਡ ਲਏ ਸਨ। ਇਨ੍ਹਾਂ ਵਿੱਚੋਂ ਇੱਕ ਗ੍ਰਨੇਡ 10 ਦਿਨ ਪਹਿਲਾਂ SBS ਨਗਰ ਵਿੱਚ ਸ਼ਰਾਬ ਦੇ ਠੇਕੇ ’ਤੇ ਧਮਾਕੇ ਲਈ ਵਰਤਿਆ ਗਿਆ ਸੀ।
ਪੁਲਿਸ ਨੇ ਦੱਸਿਆ ਕਿ ਵਿਸ਼ਵਜੀਤ ਮਲੇਸ਼ੀਆ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਉਸ ਨੂੰ ਕੋਲਕਾਤਾ ਤੋਂ ਕਾਬੂ ਕੀਤਾ ਗਿਆ, ਜਦਕਿ ਉਸਦਾ ਸਾਥੀ ਜੈਕਸਨ ਨਕੋਦਰ ਤੋਂ ਫੜਿਆ ਗਿਆ।
ਪੁਲਿਸ ਦਾ ਕਹਿਣਾ ਹੈ ਕਿ ਜਾਂਚ ਜਾਰੀ ਹੈ ਅਤੇ ਹੋਰ ਗ੍ਰਿਫ਼ਤਾਰੀਆਂ ਹੋ ਸਕਦੀਆਂ ਹਨ। ਇਸ ਸਬੰਧੀ ਕੇਸ ਅੰਮ੍ਰਿਤਸਰ ਦੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (SSOC) ’ਚ ਦਰਜ ਕੀਤਾ ਗਿਆ ਹੈ।