ਮੋਹਾਲੀ – ਪੰਜਾਬੀ ਸੰਗੀਤ ਦੀ ਦੁਨੀਆ ਦਾ ਇੱਕ ਮਹਾਨ ਚਾਨਣ ਸੋਮਵਾਰ ਨੂੰ ਸਦਾ ਲਈ ਬੁੱਝ ਗਿਆ। ਪ੍ਰਸਿੱਧ ਸੰਗੀਤਕਾਰ ਚਰਨਜੀਤ ਸਿੰਘ ਆਹੂਜਾ (74) ਐਤਵਾਰ ਨੂੰ ਦੇਹਾਂਤ ਕਰ ਗਏ ਸਨ, ਜਿਸ ਤੋਂ ਬਾਅਦ ਅੱਜ ਉਨ੍ਹਾਂ ਦਾ ਮੋਹਾਲੀ ਸਥਿਤ ਸ਼ਮਸ਼ਾਨਘਾਟ ‘ਚ ਰਾਜਕੀ ਸਮਾਨ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਪੁਰਾਣੇ ਸੰਗੀਤ ਪ੍ਰੇਮੀ ਹੀ ਨਹੀਂ ਸਗੋਂ ਨਵੀ ਪੀੜ੍ਹੀ ਦੇ ਕਲਾਕਾਰਾਂ ਨੇ ਵੀ ਭਾਰੀ ਦਿਲ ਨਾਲ ਆਪਣੇ ਮਨਪਸੰਦ ਸੁਰਕਾਰ ਨੂੰ ਵਿਦਾਇਗੀ ਦਿੱਤੀ। ਉਨ੍ਹਾਂ ਦੇ ਵੱਡੇ ਪੁੱਤਰ ਸਚਿਨ ਆਹੂਜਾ ਨੇ ਚਿਤਾ ਨੂੰ ਅਗਨੀ ਦਿੱਤੀ। ਆਹੂਜਾ ਆਪਣੇ ਪਿੱਛੇ ਤਿੰਨ ਪੁੱਤਰ ਛੱਡ ਗਏ ਹਨ, ਜਿਹੜੇ ਸਾਰੇ ਸੰਗੀਤ ਨਾਲ ਗਹਿਰੇ ਤੌਰ ‘ਤੇ ਜੁੜੇ ਹਨ।
ਅੰਤਿਮ ਸੰਸਕਾਰ ਮੌਕੇ ਪੰਜਾਬੀ ਸੰਗੀਤ ਜਗਤ ਦੀਆਂ ਵੱਡੀਆਂ ਹਸਤੀਆਂ ਵੱਡੀ ਗਿਣਤੀ ਵਿੱਚ ਪਹੁੰਚੀਆਂ। ਗਾਇਕ ਗਿੱਪੀ ਗਰੇਵਾਲ, ਹੰਸਰਾਜ ਹੰਸ, ਸਤਿੰਦਰ ਬੁੱਗਾ, ਸੁੱਖੀ ਬਰਾੜ, ਅਲਾਪ ਸਿਕੰਦਰ ਅਤੇ ਮਦਨ ਸ਼ੌਂਕੀ ਸਮੇਤ ਕਈ ਕਲਾਕਾਰ ਉਨ੍ਹਾਂ ਨੂੰ ਅੰਤਿਮ ਅਰਦਾਸ ਦੇਣ ਲਈ ਹਾਜ਼ਰ ਹੋਏ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਪ੍ਰਸਿੱਧ ਗਾਇਕ ਦਿਲਜੀਤ ਦੋਸਾਂਝ, ਅਦਾਕਾਰਾ ਨਿਰਮਲ ਰਿਸ਼ੀ ਅਤੇ ਗਾਇਕ ਮਾਸਟਰ ਸਲੀਮ ਸਮੇਤ ਕਈ ਸਿਆਸੀ ਤੇ ਸੰਗੀਤਕ ਹਸਤੀਆਂ ਨੇ ਸੋਸ਼ਲ ਮੀਡੀਆ ਰਾਹੀਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਉਨ੍ਹਾਂ ਦੇ ਯੋਗਦਾਨ ਨੂੰ ਅਮਰ ਕਰਾਰ ਦਿੱਤਾ।
ਕਲਾਕਾਰਾਂ ਦੇ ਕਰੀਅਰ ਦੇ ਮਾਹਿਰ ਸਿਰਜਣਹਾਰ
ਚਰਨਜੀਤ ਆਹੂਜਾ ਨੂੰ ਸੰਗੀਤ ਜਗਤ ਵਿੱਚ “ਪੰਜਾਬੀ ਸੰਗੀਤ ਦਾ ਸ਼ਿਲਪਕਾਰ” ਕਿਹਾ ਜਾਂਦਾ ਹੈ। 1980 ਅਤੇ 1990 ਦੇ ਦਹਾਕਿਆਂ ਵਿੱਚ ਉਨ੍ਹਾਂ ਦੇ ਬਣਾਏ ਬੋਲ ਤੇ ਧੁਨਾਂ ਨੇ ਪੰਜਾਬੀ ਸੰਗੀਤ ਨੂੰ ਇੱਕ ਨਵੀਂ ਉਡਾਨ ਦਿੱਤੀ। ਉਹ ਕੇਵਲ ਸੁਰਾਂ ਦੇ ਮਾਹਿਰ ਹੀ ਨਹੀਂ ਸਗੋਂ ਕਈ ਗਾਇਕਾਂ ਦੇ ਕਰੀਅਰ ਦੇ ਮੂਲ ਸਿਰਜਣਹਾਰ ਸਾਬਤ ਹੋਏ।
ਉਨ੍ਹਾਂ ਦੇ ਸੰਗੀਤ ਨੇ ਸੁਰਜੀਤ ਬਿੰਦਰਾਖੀਆ, ਕੁਲਦੀਪ ਮਾਣਕ, ਗੁਰਦਾਸ ਮਾਨ, ਅਮਰ ਸਿੰਘ ਚਮਕੀਲਾ, ਗੁਰਕਿਰਪਾਲ ਸੁਰਪੁਰੀ ਅਤੇ ਸਤਵਿੰਦਰ ਬੁੱਗਾ ਵਰਗੇ ਕਈ ਗਾਇਕਾਂ ਨੂੰ ਪ੍ਰਸਿੱਧੀ ਦੇ ਸ਼ਿਖਰ ‘ਤੇ ਪਹੁੰਚਾਇਆ। ਕਈ ਕਲਾਕਾਰਾਂ ਨੇ ਆਪਣੇ ਸੰਗੀਤਕ ਸਫਰ ਦੀ ਸ਼ੁਰੂਆਤ ਉਨ੍ਹਾਂ ਦੇ ਸੁਰਾਂ ਨਾਲ ਕੀਤੀ ਅਤੇ ਸੂਪਰਸਟਾਰ ਬਣੇ। ਆਹੂਜਾ ਦੀਆਂ ਧੁਨਾਂ ਅੱਜ ਵੀ ਵਿਆਹ ਸਮਾਰੋਹਾਂ, ਲੋਕ ਗੀਤਾਂ ਅਤੇ ਸੱਭਿਆਚਾਰਕ ਸਮਾਗਮਾਂ ਵਿੱਚ ਗੂੰਜਦੀਆਂ ਹਨ।
ਕੋਰੋਨਾ ਦੌਰਾਨ ਮੋਹਾਲੀ ਬਣਿਆ ਨਵਾਂ ਘਰ
ਅਸਲ ਵਿੱਚ ਚਰਨਜੀਤ ਆਹੂਜਾ ਦਾ ਪਰਿਵਾਰ ਲੰਬੇ ਸਮੇਂ ਤੱਕ ਦਿੱਲੀ ਵਿੱਚ ਰਹਿੰਦਾ ਸੀ। ਪਰ ਕੋਵਿਡ-19 ਮਹਾਂਮਾਰੀ ਤੋਂ ਠੀਕ ਪਹਿਲਾਂ ਉਹ ਮੋਹਾਲੀ ਸਿਫਟ ਹੋ ਗਏ। ਇਥੇ ਉਨ੍ਹਾਂ ਨੇ ਆਪਣੇ ਸੰਗੀਤਕ ਸਫਰ ਨੂੰ ਜਾਰੀ ਰੱਖਦੇ ਹੋਏ ਟੀਡੀਆਈ ਸਿਟੀ ਵਿੱਚ ਆਪਣਾ ਸਟੂਡੀਓ ਸਥਾਪਤ ਕੀਤਾ। ਸਿਹਤ ਦੇਖਭਾਲ ਕਾਰਨ ਭਾਵੇਂ ਆਖਰੀ ਦਿਨਾਂ ‘ਚ ਉਹ ਘਰ ਤੱਕ ਸੀਮਿਤ ਰਹੇ, ਪਰ ਮਹਾਂਮਾਰੀ ਦੌਰਾਨ ਵੀ ਉਹ ਖੁਦ ਸਟੂਡੀਓ ਵਿੱਚ ਆ ਕੇ ਨਵੇਂ ਸੁਰ ਬਣਾਉਣ ਦੀ ਲਗਨ ਜਾਰੀ ਰੱਖਦੇ ਰਹੇ।
ਸੰਗੀਤ ਅਤੇ ਸਮਾਜ ਸੇਵਾ ਦੇ ਪ੍ਰੇਰਕ
ਸਿਰਫ਼ ਸੰਗੀਤ ਤੱਕ ਸੀਮਤ ਨਾ ਰਹਿੰਦਿਆਂ, ਆਹੂਜਾ ਲੋਕਾਂ ਨੂੰ ਸਮਾਜ ਸੇਵਾ ਲਈ ਵੀ ਉਤਸ਼ਾਹਿਤ ਕਰਦੇ ਰਹੇ। ਉਹ ਮੰਨਦੇ ਸਨ ਕਿ ਸੰਗੀਤ ਸਿਰਫ਼ ਮਨੋਰੰਜਨ ਹੀ ਨਹੀਂ, ਸਗੋਂ ਸਮਾਜਿਕ ਜਾਗਰੂਕਤਾ ਦਾ ਸਾਧਨ ਵੀ ਹੈ। ਉਨ੍ਹਾਂ ਦੀ ਜ਼ਿੰਦਗੀ ਸੰਗੀਤ ਪ੍ਰਤੀ ਨਿਸ਼ਠਾ, ਕਲਾ ਪ੍ਰਤੀ ਲਗਨ ਅਤੇ ਸਮਾਜਿਕ ਜ਼ਿੰਮੇਵਾਰੀ ਦਾ ਅਨੋਖਾ ਮਿਲਾਪ ਸੀ।
ਚਰਨਜੀਤ ਸਿੰਘ ਆਹੂਜਾ ਦੇ ਦੇਹਾਂਤ ਨਾਲ ਪੰਜਾਬੀ ਸੰਗੀਤ ਜਗਤ ਨੇ ਆਪਣਾ ਇੱਕ ਮਹਾਨ ਸੁਰਕਾਰ ਗੁਆ ਦਿੱਤਾ ਹੈ, ਪਰ ਉਨ੍ਹਾਂ ਦੇ ਬਣਾਏ ਸੁਰ ਤੇ ਧੁਨੀਆਂ ਅਗਲੀ ਪੀੜ੍ਹੀਆਂ ਨੂੰ ਹਮੇਸ਼ਾ ਪ੍ਰੇਰਨਾ ਦਿੰਦੀਆਂ ਰਹਿਣਗੀਆਂ।