ਅੰਮ੍ਰਿਤਸਰ ਵਿੱਚ ਮੀਂਹ ਨੇ ਇਕ ਵਾਰ ਫਿਰ ਆਪਣਾ ਕਹਿਰ ਦਿਖਾਇਆ ਹੈ। ਮੰਗਲਵਾਰ ਸਵੇਰੇ ਪੁਰਾਣੇ ਸ਼ਹਿਰ ਦੇ ਵਾਹੀਆ ਵਾਲਾ ਬਾਜ਼ਾਰ ਨੇੜੇ ਸਥਿਤ ਤਿੰਨ ਮੰਜ਼ਿਲਾ ਪੁਰਾਣੀ ਇਮਾਰਤ ਅਚਾਨਕ ਹੀ ਢਹਿ ਗਈ। ਹਾਲਾਂਕਿ, ਰਾਹਤ ਦੀ ਗੱਲ ਇਹ ਰਹੀ ਕਿ ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਇਮਾਰਤ ਪਿਛਲੇ ਕਈ ਸਾਲਾਂ ਤੋਂ ਖਾਲੀ ਪਈ ਸੀ ਅਤੇ ਇਸ ਵਿੱਚ ਕੋਈ ਵਸਦਾ ਨਹੀਂ ਸੀ।
ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਸਥਾਨਕ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਹਾਲਾਤ ਦਾ ਜਾਇਜ਼ਾ ਲਿਆ। ਇਸ ਤੋਂ ਇਲਾਵਾ, ਨਗਰ ਨਿਗਮ ਦੀ ਟੀਮ ਨੂੰ ਵੀ ਸੂਚਿਤ ਕਰਕੇ ਮਲਬਾ ਹਟਾਉਣ ਅਤੇ ਅੱਗੇ ਦੀ ਕਾਰਵਾਈ ਸ਼ੁਰੂ ਕਰਵਾ ਦਿੱਤੀ ਗਈ। ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਸਵੇਰੇ ਸਾਰੇ ਘਰਾਂ ਵਿੱਚ ਲੋਕ ਸੌਂ ਰਹੇ ਸਨ, ਅਚਾਨਕ ਇੱਕ ਤੇਜ਼ ਧਮਾਕੇ ਵਰਗੀ ਆਵਾਜ਼ ਸੁਣਾਈ ਦਿੱਤੀ। ਜਦੋਂ ਲੋਕ ਬਾਹਰ ਨਿਕਲੇ ਤਾਂ ਸਾਹਮਣੇ ਦ੍ਰਿਸ਼ ਦਹਿਲਾ ਦੇਣ ਵਾਲਾ ਸੀ—ਤਿੰਨ ਮੰਜ਼ਿਲਾ ਪੁਰਾਣੀ ਇਮਾਰਤ ਜ਼ਮੀਨਦੋਜ਼ ਹੋ ਚੁੱਕੀ ਸੀ।
ਇਲਾਕੇ ਦੇ ਨਿਵਾਸੀਆਂ ਨੇ ਚਿੰਤਾ ਜਤਾਈ ਹੈ ਕਿ ਪੁਰਾਣੇ ਸ਼ਹਿਰ ਦੇ ਅੰਦਰ ਕਈ ਹੋਰ ਇਮਾਰਤਾਂ ਵੀ ਬਹੁਤ ਜ਼ਿਆਦਾ ਜਰਜਰ ਹਾਲਤ ਵਿੱਚ ਹਨ। ਲਗਾਤਾਰ ਹੋ ਰਹੀ ਬਾਰਿਸ਼ ਜਾਂ ਕਿਸੇ ਭੂਚਾਲ ਦੇ ਦੌਰਾਨ ਇਹ ਵੀ ਕਿਸੇ ਵੀ ਵੇਲੇ ਡਿੱਗ ਸਕਦੀਆਂ ਹਨ, ਜਿਸ ਨਾਲ ਵੱਡੇ ਹਾਦਸੇ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਸਥਾਨਕ ਵਸਨੀਕਾਂ ਨੇ ਨਗਰ ਨਿਗਮ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਪੁਰਾਣੀਆਂ ਇਮਾਰਤਾਂ ਦੀ ਤੁਰੰਤ ਜਾਂਚ ਕਰਕੇ ਜਿਨ੍ਹਾਂ ਦੀ ਹਾਲਤ ਖ਼ਰਾਬ ਹੈ, ਉਨ੍ਹਾਂ ਨੂੰ ਖਾਲੀ ਕਰਵਾਇਆ ਜਾਵੇ, ਤਾਂ ਜੋ ਅੱਗੇ ਹੋਰ ਕਿਸੇ ਵੱਡੇ ਹਾਦਸੇ ਤੋਂ ਬਚਿਆ ਜਾ ਸਕੇ।