ਰਾਜਪੁਰਾ ਪੁਲਿਸ ਨੇ ਗੈਰ ਕਾਨੂੰਨੀ ਹਥਿਆਰਾਂ ਦੀ ਸਪਲਾਈ ਨੂੰ ਰੋਕਣ ਲਈ ਕੀਤੀ ਗਈ ਇੱਕ ਸਾਂਝੀ ਕਾਰਵਾਈ ਦੌਰਾਨ ਇੱਕ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਸਪੈਸ਼ਲ ਪੁਲਿਸ ਸੈੱਲ ਰਾਜਪੁਰਾ ਦੇ ਇੰਚਾਰਜ ਸਬ ਇੰਸਪੈਕਟਰ ਮਨਪ੍ਰੀਤ ਸਿੰਘ ਦੀ ਅਗਵਾਈ ਵਿੱਚ ਕਾਊਂਟਰ ਇੰਟੈਲੀਜੈਂਸ ਪਟਿਆਲਾ ਦੀ ਟੀਮ ਦੇ ਨਾਲ ਮਿਲ ਕੇ ਕੀਤੀ ਗਈ ਇਸ ਕਾਰਵਾਈ ਦੌਰਾਨ ਖੁਫੀਆ ਸੂਚਨਾ ਦੇ ਆਧਾਰ ‘ਤੇ ਇੱਕ ਆਰੋਪੀ ਨੂੰ ਕਾਬੂ ਕੀਤਾ ਗਿਆ ਹੈ। ਗ੍ਰਿਫਤਾਰ ਸ਼ਖਸ ਤੋਂ ਦੋ ਪਿਸਤੌਲ, ਤਿੰਨ ਮੈਗਜ਼ੀਨ ਅਤੇ ਵੀਹ ਜਿੰਦੇ ਕਾਰਤੂਸ ਬਰਾਮਦ ਕੀਤੇ ਗਏ ਹਨ, ਜੋ ਕਿ ਖੇਤਰ ਵਿੱਚ ਗੈਰ ਕਾਨੂੰਨੀ ਹਥਿਆਰਾਂ ਦੇ ਫੈਲਾਅ ਨੂੰ ਰੋਕਣ ਵੱਲ ਇੱਕ ਵੱਡਾ ਕਦਮ ਮੰਨਿਆ ਜਾ ਰਿਹਾ ਹੈ।
ਪੁਲਿਸ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਗ੍ਰਿਫਤਾਰ ਆਰੋਪੀ ਦੀ ਪਹਿਚਾਣ ਜਗਮੀਤ ਸਿੰਘ ਉਰਫ ਐਸਪੀ ਸਰਾਓ ਪੁੱਤਰ ਕਿਰਪਾਲ ਸਿੰਘ ਵਜੋਂ ਹੋਈ ਹੈ, ਜੋ ਕਿ ਪਿੰਡ ਬੀਬੀਪੁਰ, ਥਾਣਾ ਬਖਸ਼ੀਵਾਲਾ, ਜ਼ਿਲ੍ਹਾ ਪਟਿਆਲਾ ਦਾ ਰਹਿਣ ਵਾਲਾ ਹੈ। ਹਾਲ ਹੀ ਵਿੱਚ ਉਹ ਪਟਿਆਲਾ ਦੇ ਨਾਭਾ ਰੋਡ ਸਥਿਤ ਬਲੋਸਮ ਇਨਕਲੇਵ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿ ਰਿਹਾ ਸੀ। ਪੁਲਿਸ ਨੇ ਖੁਫੀਆ ਜਾਣਕਾਰੀ ਦੇ ਆਧਾਰ ‘ਤੇ ਜਗਮੀਤ ਸਿੰਘ ਨੂੰ ਗ੍ਰਿਫਤਾਰ ਕਰਕੇ ਖੇੜੀ ਗੰਡਿਆ ਥਾਣੇ ਵਿੱਚ ਉਸ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ। ਇਸ ਦੌਰਾਨ ਪੁਲਿਸ ਵੱਲੋਂ ਉਸ ਪਾਸੋਂ ਦੋ ਪਿਸਤੌਲ, ਤਿੰਨ ਮੈਗਜ਼ੀਨ ਅਤੇ ਵੀਹ ਜਿੰਦੇ ਕਾਰਤੂਸ ਬਰਾਮਦ ਕੀਤੇ ਗਏ ਹਨ।
ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਜਗਮੀਤ ਸਿੰਘ ਖਿਲਾਫ ਪਹਿਲਾਂ ਵੀ ਸ਼ਰਾਬ ਸਬੰਧੀ ਇੱਕ ਕੇਸ ਦਰਜ ਹੈ। ਹੁਣ ਪੁਲਿਸ ਉਸਦੇ ਸੰਭਾਵਿਤ ਨੈਟਵਰਕ ਅਤੇ ਗੈਰ ਕਾਨੂੰਨੀ ਹਥਿਆਰਾਂ ਦੀ ਸਪਲਾਈ ਸਬੰਧੀ ਹੋਰ ਜਾਣਕਾਰੀ ਇਕੱਠੀ ਕਰਨ ਵਿੱਚ ਲੱਗੀ ਹੋਈ ਹੈ। ਇਸੇ ਲਈ ਰਾਜਪੁਰਾ ਦੀ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਆਰੋਪੀ ਨੂੰ ਦੋ ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜਣ ਦੇ ਹੁਕਮ ਲਏ ਗਏ ਹਨ ਤਾਂ ਜੋ ਉਸ ਤੋਂ ਡੰਗਾਈ ਨਾਲ ਪੁੱਛਗਿੱਛ ਕੀਤੀ ਜਾ ਸਕੇ।
ਸਬ ਇੰਸਪੈਕਟਰ ਮਨਪ੍ਰੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਕਾਰਵਾਈ ਰਾਜਪੁਰਾ ਅਤੇ ਪਟਿਆਲਾ ਖੇਤਰ ਵਿੱਚ ਗੈਰ ਕਾਨੂੰਨੀ ਹਥਿਆਰਾਂ ਦੀ ਸਪਲਾਈ ਕਰਨ ਵਾਲੇ ਮਾੜੇ ਤੱਤਾਂ ਲਈ ਸਖ਼ਤ ਚੇਤਾਵਨੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਅਜਿਹੇ ਅਪਰਾਧੀਆਂ ਨੂੰ ਕਿਸੇ ਵੀ ਸਥਿਤੀ ਵਿੱਚ ਬਖਸ਼ਿਆ ਨਹੀਂ ਜਾਵੇਗਾ ਅਤੇ ਉਨ੍ਹਾਂ ਖਿਲਾਫ ਕਾਨੂੰਨੀ ਕਾਰਵਾਈ ਨੂੰ ਹੋਰ ਵੀ ਤੇਜ਼ ਕੀਤਾ ਜਾਵੇਗਾ, ਤਾਂ ਜੋ ਖੇਤਰ ਵਿੱਚ ਸ਼ਾਂਤੀ ਅਤੇ ਕਾਨੂੰਨ-ਵਿਵਸਥਾ ਬਣਾਈ ਰੱਖੀ ਜਾ ਸਕੇ।