ਫਿਰੋਜ਼ਪੁਰ : ਜ਼ਿਲ੍ਹੇ ਦੇ ਫਿਰੋਜ਼ਪੁਰ-ਜ਼ੀਰਾ ਰੋਡ ‘ਤੇ ਇਕ ਦਰਦਨਾਕ ਸੜਕ ਹਾਦਸਾ ਵਾਪਰਿਆ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਬਸਤੀ ਭਾਈ ਕੇ ਨੇੜੇ ਇਕ ਤੇਜ਼ ਰਫ਼ਤਾਰ ਸਕਾਰਪੀਓ ਗੱਡੀ ਨੇ ਬੇਧਿਆਨੀ ਨਾਲ ਚਲਾਉਂਦੇ ਹੋਏ ਮੋਟਰਸਾਈਕਲ ਨੂੰ ਟੱਕਰ ਮਾਰੀ। ਇਸ ਹਾਦਸੇ ਵਿੱਚ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਦੋ ਜਣੇ ਗੰਭੀਰ ਜ਼ਖ਼ਮੀ ਹੋ ਗਏ। ਪੁਲਿਸ ਨੇ ਗੱਡੀ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪਰਿਵਾਰ ਜੇਲ੍ਹ ਮੁਲਾਕਾਤ ਤੋਂ ਵਾਪਸ ਆ ਰਿਹਾ ਸੀ
ਮ੍ਰਿਤਕ ਦੀ ਪਤਨੀ ਪਰਮਜੀਤ ਕੌਰ ਵਾਸੀ ਪਿੰਡ ਲੋਹੁਕੇ ਕਲਾਂ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ 10 ਸਤੰਬਰ 2025 ਨੂੰ ਉਹ ਆਪਣੇ ਪਤੀ ਚੰਦ ਸਿੰਘ ਪੁੱਤਰ ਨਰਿੰਜਣ ਸਿੰਘ ਅਤੇ ਪਿੰਡ ਦੇ ਕੁਝ ਹੋਰ ਲੋਕਾਂ ਨਾਲ ਮਿਲ ਕੇ ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿੱਚ ਆਪਣੇ ਪੁੱਤਰ ਨਾਲ ਮੁਲਾਕਾਤ ਕਰਨ ਗਏ ਸਨ। ਸ਼ਾਮ ਕਰੀਬ 5 ਵਜੇ ਸਾਰੇ ਵਾਪਸ ਪਿੰਡ ਵੱਲ ਜਾ ਰਹੇ ਸਨ।
ਜਦੋਂ ਉਹਨਾਂ ਦੀ ਮੋਟਰਸਾਈਕਲ ਪਿੰਡ ਭਾਈ ਕੀ ਬਸਤੀ ਨੇੜੇ ਡੇਰਾ ਰਾਧਾ ਸੁਆਮੀ ਤੋਂ ਥੋੜ੍ਹਾ ਅੱਗੇ ਪਹੁੰਚੀ, ਉਸ ਵੇਲੇ ਪਿੱਛੋਂ ਆ ਰਹੀ ਸਕਾਰਪੀਓ ਨੇ ਟੱਕਰ ਮਾਰ ਦਿੱਤੀ। ਇਸ ਹਾਦਸੇ ‘ਚ ਚੰਦ ਸਿੰਘ ਦੀ ਮੌਤ ਹੋ ਗਈ ਜਦਕਿ ਹੋਰ ਦੋ ਲੋਕ ਜ਼ਖ਼ਮੀ ਹੋਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ।
ਪੁਲਿਸ ਨੇ ਕੀਤਾ ਮਾਮਲਾ ਦਰਜ
ਇਸ ਘਟਨਾ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਬਲਜੀਤ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਦੇ ਬਿਆਨਾਂ ਅਧਾਰ ‘ਤੇ ਸਕਾਰਪੀਓ ਚਾਲਕ ਨਛੱਤਰ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਮੋਹਕਮ ਭੱਟੀ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਕਿਹਾ ਕਿ ਦੋਸ਼ੀ ਡਰਾਈਵਰ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਲੋਕਾਂ ਵਿੱਚ ਗੁੱਸਾ ਅਤੇ ਦਹਿਸ਼ਤ
ਇਸ ਹਾਦਸੇ ਤੋਂ ਬਾਅਦ ਇਲਾਕੇ ਦੇ ਲੋਕਾਂ ਵਿੱਚ ਗੁੱਸੇ ਅਤੇ ਦਹਿਸ਼ਤ ਦਾ ਮਾਹੌਲ ਹੈ। ਲੋਕਾਂ ਦਾ ਕਹਿਣਾ ਹੈ ਕਿ ਸੜਕਾਂ ‘ਤੇ ਤੇਜ਼ ਰਫ਼ਤਾਰ ਅਤੇ ਲਾਪਰਵਾਹ ਡਰਾਈਵਿੰਗ ਕਾਰਨ ਅਜਿਹੇ ਹਾਦਸੇ ਵੱਧ ਰਹੇ ਹਨ। ਉਹਨਾਂ ਨੇ ਮੰਗ ਕੀਤੀ ਕਿ ਪੁਲਿਸ ਸੜਕਾਂ ‘ਤੇ ਕੜੀ ਨਿਗਰਾਨੀ ਰੱਖੇ ਤਾਂ ਜੋ ਅੱਗੇ ਇਸ ਤਰ੍ਹਾਂ ਦੇ ਦੁੱਖਦਾਈ ਹਾਦਸਿਆਂ ਤੋਂ ਬਚਿਆ ਜਾ ਸਕੇ।