ਸੰਗਰੂਰ ਜ਼ਿਲ੍ਹੇ ਦੇ ਸਬ ਡਿਵਿਜਨ ਲਹਿਰਾ ਅਧੀਨ ਮਾਰਕੀਟ ਕਮੇਟੀ ਮੂਣਕ ਦੇ ਖਰੀਦ ਕੇਂਦਰ ਚੂੜਲ ਕਲਾਂ ਵਿੱਚ ਕਿਸਾਨਾਂ ਨੂੰ ਧੋਖੇ ਨਾਲ ਨੁਕਸਾਨ ਪਹੁੰਚਾਉਣ ਦਾ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਕਈ ਆੜਤੀਆਂ ਵੱਲੋਂ ਚਾਵਲ ਦੀ ਖਰੀਦ ਦੌਰਾਨ ਤੋਲ ਵਿੱਚ ਹੇਰਾਫੇਰੀ ਕੀਤੀ ਜਾ ਰਹੀ ਸੀ, ਜਿਸ ਕਾਰਨ ਕਿਸਾਨਾਂ ਨੂੰ ਉਨ੍ਹਾਂ ਦੀ ਮਿਹਨਤ ਦੀ ਅਸਲ ਕੀਮਤ ਨਹੀਂ ਮਿਲ ਰਹੀ ਸੀ।
ਕਿਸਾਨ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਉਹ ਆਪਣਾ ਝੋਨਾ ਮੰਡੀ ਵਿੱਚ ਲਿਆ ਕੇ ਵੇਚਣ ਲਈ ਤੋਲ ਕਰਵਾ ਰਿਹਾ ਸੀ। ਮਾਮਲੇ ਦੌਰਾਨ ਉਸਨੇ ਨੋਟਿਸ ਕੀਤਾ ਕਿ 38 ਕਿਲੋ 100 ਗ੍ਰਾਮ ਦੇ ਤੋਲ ਦੀ ਬਜਾਏ ਆੜਤੀ ਵੱਲੋਂ ਕੰਡਾ 38 ਕਿਲੋ 200 ਗ੍ਰਾਮ ’ਤੇ ਫਿਕਸ ਕੀਤਾ ਗਿਆ ਸੀ। ਇਹ ਗੱਲ ਉਸਨੂੰ ਸ਼ੱਕੀ ਲੱਗੀ। ਉਸਨੇ ਤੁਰੰਤ ਇਸਦੀ ਜਾਂਚ ਕਰਵਾਉਣ ਲਈ ਪਿੰਡ ਤੋਂ ਕੰਪਿਊਟਰਾਈਜ਼ਡ ਤਰਾਜੂ ਮੰਗਾਇਆ ਅਤੇ ਤੌਲਾਈ ਮੁੜ ਕਰਵਾਈ।
ਤੁਲਣਾ ਦੌਰਾਨ ਫ਼ਰਕ ਸਪਸ਼ਟ ਨਜ਼ਰ ਆਇਆ। ਇਸ ਉਪਰੰਤ ਕਿਸਾਨ ਨੇ ਤੁਰੰਤ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ।
ਸ਼ਿਕਾਇਤ ਮਿਲਣ ’ਤੇ ਮਾਰਕੀਟ ਕਮੇਟੀ ਦੇ ਇੰਸਪੈਕਟਰ ਰਣਜੀਤ ਸਿੰਘ ਆਪਣੀ ਟੀਮ ਸਮੇਤ ਮੌਕੇ ‘ਤੇ ਪਹੁੰਚੇ ਅਤੇ ਵੱਖ ਵੱਖ ਆੜਤੀਆਂ ਦੇ ਕੰਡਿਆਂ ਦੀ ਰੈਂਡਮ ਚੈਕਿੰਗ ਕੀਤੀ। ਸਰਕਾਰੀ ਜਾਂਚ ਦੌਰਾਨ ਪਰਦੇ ਦੇ ਪਿੱਛੇ ਛੁਪਿਆ ਸਾਰਾ ਖੇਡ ਸਾਹਮਣੇ ਆ ਗਿਆ। ਕਈ ਝੋਨੇ ਦੇ ਬੋਰੀ ਬੰਦ ਗੱਟਿਆਂ ਦਾ ਵਜਨ 38 ਕਿਲੋ 200 ਗ੍ਰਾਮ ਦੀ ਬਜਾਏ 38 ਕਿਲੋ 700 ਤੋਂ 800 ਗ੍ਰਾਮ ਤੱਕ ਨਿਕਲਿਆ। ਇਸ ਨਾਲ ਸਾਫ਼ ਹੈ ਕਿ ਆੜਤੀਆਂ ਕਿਸਾਨਾਂ ਤੋਂ ਪ੍ਰਤੀ ਬੋਰਾ 500 ਤੋਂ 700 ਗ੍ਰਾਮ ਤੱਕ ਵੱਧ ਝੋਨਾ ਲੈ ਰਹੇ ਸਨ, ਜਿਸ ਨਾਲ ਕੁੱਲ ਮਿਲਾ ਕੇ ਕਿਸਾਨਾਂ ਨੂੰ ਵੱਡਾ ਆਰਥਿਕ ਨੁਕਸਾਨ ਪਹੁੰਚ ਰਿਹਾ ਸੀ।
ਕਿਸਾਨਾਂ ਨੇ ਸੂਬਾ ਸਰਕਾਰ ਨੂੰ ਕੜ੍ਹੇ ਸੁਰ ਵਿੱਚ ਚੇਤਾਵਨੀ ਦਿੱਤੀ ਕਿ ਅਜੇਹੀ ਧੋਖਾਧੜੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਨੇ ਦੋਸ਼ੀ ਆੜਤੀਆਂ ਦੇ ਲਾਇਸੈਂਸ ਤੁਰੰਤ ਰੱਦ ਕਰਨ ਅਤੇ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਮੰਡੀ ਇੰਸਪੈਕਟਰ ਰਣਜੀਤ ਸਿੰਘ ਦਾ ਕਹਿਣਾ ਹੈ ਕਿ ਜਾਂਚ ਦੀ ਰਿਪੋਰਟ ਤਿਆਰ ਕਰਕੇ ਉੱਪਰੀ ਅਧਿਕਾਰੀਆਂ ਨੂੰ ਭੇਜੀ ਜਾ ਰਹੀ ਹੈ ਅਤੇ ਦੋਸ਼ਾਂ ਦੇ ਅਧਾਰ ’ਤੇ ਆੜਤੀਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ।