ਨਵੀਂ ਦਿੱਲੀ / ਚੰਡੀਗੜ੍ਹ – ਭਾਰਤ ਦੀ 17ਵੀਂ ਉਪ ਰਾਸ਼ਟਰਪਤੀ ਚੋਣ ਲਈ ਅੱਜ ਸੰਸਦ ਭਵਨ ਵਿੱਚ ਵੋਟਿੰਗ ਹੋ ਰਹੀ ਹੈ। ਪਰ ਇਸ ਮਹੱਤਵਪੂਰਨ ਚੋਣ ਤੋਂ ਠੀਕ ਪਹਿਲਾਂ ਪੰਜਾਬ ਦੀ ਸਿਆਸਤ ਵਿੱਚ ਵੱਡਾ ਮੋੜ ਆਇਆ ਹੈ। ਸ਼੍ਰੋਮਣੀ ਅਕਾਲੀ ਦਲ ਨੇ ਐਲਾਨ ਕੀਤਾ ਹੈ ਕਿ ਉਹ ਚੋਣ ਦਾ ਬਾਈਕਾਟ ਕਰੇਗਾ। ਪਾਰਟੀ ਦਾ ਕਹਿਣਾ ਹੈ ਕਿ ਜਦੋਂ ਪੂਰਾ ਪੰਜਾਬ ਭਿਆਨਕ ਹੜ੍ਹਾਂ ਦੀ ਮਾਰ ਸਹਿ ਰਿਹਾ ਹੈ, ਤਾਂ ਇਸ ਸੰਕਟ ਦੇ ਸਮੇਂ ਉਹ ਵੋਟਿੰਗ ਵਿੱਚ ਹਿੱਸਾ ਲੈਣ ਦੀ ਬਜਾਏ ਹੜ੍ਹ ਪੀੜਤਾਂ ਦੀ ਸਹਾਇਤਾ ਕਰਨ ‘ਤੇ ਧਿਆਨ ਦੇਣਗੇ।
ਹਰਸਿਮਰਤ ਕੌਰ ਬਾਦਲ ਨਹੀਂ ਕਰਨਗੇ ਵੋਟਿੰਗ
ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਦੀ ਇਕੋ ਲੋਕ ਸਭਾ ਸੀਟ ਹੈ, ਜੋ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਦੇ ਹਿੱਸੇ ਵਿੱਚ ਹੈ। ਉਹ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪਤਨੀ ਵੀ ਹਨ। ਪਾਰਟੀ ਦੇ ਫੈਸਲੇ ਤੋਂ ਬਾਅਦ ਇਹ ਸਪਸ਼ਟ ਹੋ ਗਿਆ ਹੈ ਕਿ ਹਰਸਿਮਰਤ ਕੌਰ ਬਾਦਲ ਕਿਸੇ ਵੀ ਉਮੀਦਵਾਰ ਦੇ ਹੱਕ ਵਿੱਚ ਵੋਟ ਨਹੀਂ ਪਾਉਣਗੀਆਂ।
ਕੇਂਦਰ ਤੇ ਪੰਜਾਬ ਸਰਕਾਰ ‘ਤੇ ਲਾਪਰਵਾਹੀ ਦੇ ਦੋਸ਼
ਅਕਾਲੀ ਦਲ ਨੇ ਕਿਹਾ ਕਿ ਨਾ ਤਾਂ ਕੇਂਦਰ ਸਰਕਾਰ, ਨਾ ਹੀ ਪੰਜਾਬ ਸਰਕਾਰ ਅਤੇ ਨਾ ਹੀ ਕਾਂਗਰਸ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੀ ਸਥਿਤੀ ‘ਤੇ ਗੰਭੀਰਤਾ ਨਾਲ ਧਿਆਨ ਦਿੱਤਾ ਹੈ। ਪਾਰਟੀ ਦਾ ਆਰੋਪ ਹੈ ਕਿ ਰਾਹਤ ਅਤੇ ਬਚਾਅ ਕਾਰਜਾਂ ਲਈ ਜ਼ਰੂਰੀ ਕਦਮ ਨਹੀਂ ਚੁੱਕੇ ਗਏ, ਜਿਸ ਕਾਰਨ ਹਜ਼ਾਰਾਂ ਪਰਿਵਾਰ ਬੇਘਰ ਹੋ ਗਏ ਹਨ, ਕਿਸਾਨਾਂ ਦੀਆਂ ਫਸਲਾਂ ਬਰਬਾਦ ਹੋ ਗਈਆਂ ਹਨ ਅਤੇ ਲੋਕ ਮੁੱਢਲੀਆਂ ਜ਼ਰੂਰਤਾਂ ਤੋਂ ਵੀ ਵਾਂਝੇ ਰਹਿ ਰਹੇ ਹਨ। ਇਸ ਹਾਲਾਤ ਵਿੱਚ ਚੋਣ ‘ਚ ਹਿੱਸਾ ਲੈਣ ਦੀ ਬਜਾਏ ਲੋਕਾਂ ਦੀ ਸਹਾਇਤਾ ਕਰਨਾ ਹੀ ਸਭ ਤੋਂ ਵੱਡਾ ਫਰਜ਼ ਹੈ।
ਉਪ ਰਾਸ਼ਟਰਪਤੀ ਚੋਣ ‘ਚ ਮੁਕਾਬਲਾ
ਯਾਦ ਰਹੇ ਕਿ ਉਪ ਰਾਸ਼ਟਰਪਤੀ ਜਗਦੀਪ ਧਨਖੜ ਵੱਲੋਂ ਸਿਹਤ ਕਾਰਨਾਂ ਦਾ ਹਵਾਲਾ ਦਿੰਦੇ ਹੋਏ 21 ਜੁਲਾਈ ਨੂੰ ਅਚਾਨਕ ਅਸਤੀਫਾ ਦੇਣ ਤੋਂ ਬਾਅਦ ਇਹ ਚੋਣ ਕਰਾਈ ਜਾ ਰਹੀ ਹੈ। ਅੱਜ ਹੋ ਰਹੀ ਵੋਟਿੰਗ ਵਿੱਚ ਐਨਡੀਏ ਵੱਲੋਂ ਸੀ.ਪੀ. ਰਾਧਾਕ੍ਰਿਸ਼ਨਨ ਅਤੇ ਇੰਡੀਆ ਅਲਾਇੰਸ ਵੱਲੋਂ ਜਸਟਿਸ ਬੀ. ਸੁਦਰਸ਼ਨ ਰੈੱਡੀ ਆਮਨੇ-ਸਾਮਨੇ ਹਨ। ਵੋਟਿੰਗ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਹੋਵੇਗੀ, ਜਦਕਿ ਵੋਟਾਂ ਦੀ ਗਿਣਤੀ ਸ਼ਾਮ 6 ਵਜੇ ਸ਼ੁਰੂ ਹੋ ਕੇ ਜੇਤੂ ਦਾ ਐਲਾਨ ਕਰ ਦਿੱਤਾ ਜਾਵੇਗਾ।
ਹੋਰ ਪਾਰਟੀਆਂ ਨੇ ਵੀ ਕੀਤਾ ਬਾਈਕਾਟ
ਅਕਾਲੀ ਦਲ ਤੋਂ ਇਲਾਵਾ, ਦੋ ਹੋਰ ਖੇਤਰੀ ਪਾਰਟੀਆਂ – ਕੇ. ਚੰਦਰਸ਼ੇਖਰ ਰਾਓ ਦੀ ਅਗਵਾਈ ਵਾਲੀ ਭਾਰਤੀ ਰਾਸ਼ਟਰ ਸਮਿਤੀ (BRS) ਅਤੇ ਨਵੀਨ ਪਟਨਾਇਕ ਦੀ ਅਗਵਾਈ ਵਾਲੀ ਬੀਜੂ ਜਨਤਾ ਦਲ (BJD) ਨੇ ਵੀ ਚੋਣ ‘ਚ ਹਿੱਸਾ ਨਾ ਲੈਣ ਦਾ ਐਲਾਨ ਕੀਤਾ ਹੈ। ਇਹ ਦੋਵੇਂ ਪਾਰਟੀਆਂ ਨਾ ਤਾਂ ਐਨਡੀਏ ਦਾ ਹਿੱਸਾ ਹਨ ਅਤੇ ਨਾ ਹੀ ਇੰਡੀਆ ਅਲਾਇੰਸ ਦਾ। ਇਸ ਵੇਲੇ ਰਾਜ ਸਭਾ ਵਿੱਚ ਬੀਆਰਐਸ ਦੇ 4 ਅਤੇ ਬੀਜੇਡੀ ਦੇ 7 ਮੈਂਬਰ ਹਨ, ਜਦਕਿ ਲੋਕ ਸਭਾ ਵਿੱਚ ਉਨ੍ਹਾਂ ਦਾ ਕੋਈ ਸੰਸਦ ਮੈਂਬਰ ਨਹੀਂ ਹੈ।