ਅੰਮ੍ਰਿਤਸਰ, 1 ਅਕਤੂਬਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਵੱਲੋਂ ਅੱਜ ਦੁਪਹਿਰ 12:30 ਵਜੇ ਆਪਣੇ ਮੁੱਖ ਦਫ਼ਤਰ ਸ੍ਰੀ ਅੰਮ੍ਰਿਤਸਰ ਵਿਖੇ ਇੱਕ ਮਹੱਤਵਪੂਰਨ ਮੀਟਿੰਗ ਬੁਲਾਈ ਗਈ ਹੈ। ਇਸ ਵਿਸ਼ੇਸ਼ ਇਕੱਤਰਤਾ ਵਿੱਚ ਆਰਟੀਫੀਸ਼ਲ ਇੰਟੈਲੀਜੈਂਸ (ਏਆਈ) ਤਕਨੀਕ ਦੇ ਮਾਹਿਰਾਂ, ਸਿੱਖ ਵਿਦਵਾਨਾਂ ਅਤੇ ਵੱਖ-ਵੱਖ ਯੂਨੀਵਰਸਿਟੀਆਂ ਤੇ ਕਾਲਜਾਂ ਦੇ ਨੁਮਾਇੰਦਿਆਂ ਨੂੰ ਸੱਦਾ ਦਿੱਤਾ ਗਿਆ ਹੈ।
ਏਆਈ ਰਾਹੀਂ ਸਿੱਖ ਧਰਮ ਖਿਲਾਫ਼ ਬਣ ਰਹੀ ਝੂਠੀ ਸਮੱਗਰੀ ‘ਤੇ ਚਿੰਤਾ
ਇਸ ਮੀਟਿੰਗ ਦਾ ਮੁੱਖ ਮਕਸਦ ਏਆਈ ਤਕਨੀਕ ਦੀ ਦੁਰਵਰਤੋਂ ਰੋਕਣ ਲਈ ਕਾਰਗਰ ਸੁਝਾਅ ਇਕੱਠੇ ਕਰਨਾ ਹੈ। ਹਾਲੀ ਵਿੱਚ ਏਆਈ ਰਾਹੀਂ ਸਿੱਖ ਧਰਮ ਦੀ ਮਰਯਾਦਾ ਖਿਲਾਫ਼ ਝੂਠੀਆਂ ਵੀਡੀਓਆਂ ਅਤੇ ਭਰਮਜਨਕ ਸਮੱਗਰੀ ਬਣਾਕੇ ਸੋਸ਼ਲ ਮੀਡੀਆ ‘ਤੇ ਫੈਲਾਈ ਜਾ ਰਹੀ ਹੈ, ਜਿਸ ਨਾਲ ਨਾ ਸਿਰਫ਼ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚ ਰਹੀ ਹੈ ਸਗੋਂ ਫਿਰਕਾਪ੍ਰਸਤੀ ਵਾਲਾ ਮਾਹੌਲ ਵੀ ਪੈਦਾ ਹੋ ਰਿਹਾ ਹੈ।
ਸ਼੍ਰੋਮਣੀ ਕਮੇਟੀ ਵੱਲੋਂ ਪੁਲਿਸ ਅਤੇ ਆਈਟੀ ਵਿਭਾਗ ਤੱਕ ਵੀ ਕੀਤੀਆਂ ਸ਼ਿਕਾਇਤਾਂ
SGPC ਵੱਲੋਂ ਹੁਣ ਤੱਕ ਕਈ ਵਾਰ ਐਸੇ ਮਾਮਲਿਆਂ ਨੂੰ ਲੈ ਕੇ ਪੁਲਿਸ ਅਤੇ ਆਈਟੀ ਵਿਭਾਗ ਰਾਹੀਂ ਸਬੰਧਤ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਕਾਰਵਾਈ ਕਰਵਾਈ ਗਈ ਹੈ। ਹਾਲਾਂਕਿ, SGPC ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਕੇਵਲ ਸ਼ਿਕਾਇਤਾਂ ਨਾਲ ਇਹ ਰੁਝਾਨ ਨਹੀਂ ਰੁਕਦਾ, ਇਸ ਲਈ ਹੁਣ ਸਮੇਂ ਦੀ ਲੋੜ ਹੈ ਕਿ ਮਾਹਿਰਾਂ ਦੇ ਸੁਝਾਅ ਪ੍ਰਾਪਤ ਕਰਕੇ ਇੱਕ ਠੋਸ ਅਤੇ ਲੰਬੀ ਮਿਆਦ ਦੀ ਨੀਤੀ ਬਣਾਈ ਜਾਵੇ।
ਏਆਈ ਮਾਹਿਰਾਂ ਅਤੇ ਸਿੱਖ ਸੰਸਥਾਵਾਂ ਦੀ ਭੂਮਿਕਾ
SGPC ਨੇ ਇਸ ਮਾਮਲੇ ’ਚ ਏਆਈ ਤਕਨੀਕ ਦੇ ਮਾਹਿਰਾਂ, ਸਿੱਖ ਵਿਦਵਾਨਾਂ ਅਤੇ ਵੱਖ-ਵੱਖ ਧਾਰਮਿਕ ਸੰਸਥਾਵਾਂ ਦਾ ਸਹਿਯੋਗ ਲੈਣ ਦਾ ਫ਼ੈਸਲਾ ਕੀਤਾ ਹੈ। ਇਸੇ ਲਈ ਅੱਜ ਦੀ ਇਹ ਬੇਹੱਦ ਮਹੱਤਵਪੂਰਨ ਮੀਟਿੰਗ ਰੱਖੀ ਗਈ ਹੈ।
ਸੁਝਾਅ ਭੇਜਣ ਲਈ ਕੀਤੀ ਗਈ ਸੀ ਅਪੀਲ
ਇਸ ਤੋਂ ਪਹਿਲਾਂ SGPC ਵੱਲੋਂ ਏਆਈ ਖੇਤਰ ਵਿੱਚ ਕੰਮ ਕਰ ਰਹੇ ਲੋਕਾਂ ਨੂੰ ਅਪੀਲ ਕੀਤੀ ਗਈ ਸੀ ਕਿ ਉਹ ਆਪਣੇ ਸੁਝਾਅ 1 ਅਕਤੂਬਰ ਤੋਂ ਪਹਿਲਾਂ info@SGPC.net ’ਤੇ ਭੇਜਣ, ਤਾਂ ਜੋ ਮੀਟਿੰਗ ਵਿੱਚ ਉਨ੍ਹਾਂ ‘ਤੇ ਵਿਚਾਰ ਕੀਤਾ ਜਾ ਸਕੇ।