ਲੁਧਿਆਣਾ: ਪੰਜਾਬ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਜਿੱਥੇ ਕਈ ਜ਼ਿਲ੍ਹਿਆਂ ਦੀ ਸਥਿਤੀ ਗੰਭੀਰ ਬਣਦੀ ਜਾ ਰਹੀ ਹੈ, ਉੱਥੇ ਵਿਧਾਨ ਸਭਾ ਹਲਕਾ ਸਾਹਨੇਵਾਲ ਨਾਲ ਲੱਗਦਾ ਸਤਲੁਜ ਦਰਿਆ ਵੀ ਖ਼ਤਰਨਾਕ ਰੂਪ ਧਾਰਦਾ ਨਜ਼ਰ ਆ ਰਿਹਾ ਹੈ। ਜਾਣਕਾਰੀ ਅਨੁਸਾਰ, ਸਤਲੁਜ ਦਰਿਆ ਦਾ ਪਾਣੀ ਇਸ ਸਮੇਂ ਬੇਹੱਦ ਤੇਜ਼ੀ ਨਾਲ ਕੰਢਿਆਂ ਵੱਲ ਵਧ ਰਿਹਾ ਹੈ ਅਤੇ ਬੇਟ ਦੇ ਕਈ ਪਿੰਡਾਂ, ਜਿਵੇਂ ਕਿ ਸਸਰਾਲੀ ਕਲੋਨੀ ਤੇ ਕਾਸਾਵਾਦ, ਦੇ ਨੇੜੇ ਦਰਿਆ ਦਾ ਬੰਨ੍ਹ ਟੁੱਟਣ ਦੇ ਕੰਢੇ ਪਹੁੰਚ ਗਿਆ ਹੈ।
ਇਸ ਸਥਿਤੀ ਨੇ ਪ੍ਰਸ਼ਾਸਨ ਦੇ ਵੀ ਹੱਥ ਪੈਰ ਫੁਲਾਏ ਹੋਏ ਹਨ। ਖ਼ਤਰੇ ਨੂੰ ਦੇਖਦਿਆਂ ਹਲਕੇ ਦੇ ਨੌਜਵਾਨਾਂ, ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਤੇ ਸਥਾਨਕ ਅਹੁਦੇਦਾਰਾਂ ਨੇ ਤੁਰੰਤ ਆਪਣੀਆਂ ਡਿਊਟੀਆਂ ਸੰਭਾਲ ਲਈਆਂ ਹਨ ਅਤੇ ਬੰਨ੍ਹ ਨੂੰ ਬਚਾਉਣ ਲਈ ਜ਼ੋਰਦਾਰ ਕੋਸ਼ਿਸ਼ਾਂ ਜਾਰੀ ਹਨ। ਦਰਿਆ ਕੰਢੇ JCB ਮਸ਼ੀਨਾਂ, ਪੋਕਲੇਨ ਤੇ ਟਰੈਕਟਰ-ਟਰਾਲੀਆਂ ਦੀ ਮਦਦ ਨਾਲ ਮਿੱਟੀ ਦੇ ਬੋਰੇ ਭਰ ਕੇ ਬੰਨ੍ਹ ਨੂੰ ਮਜ਼ਬੂਤ ਕਰਨ ਦੀ ਕਾਰਵਾਈ ਕੀਤੀ ਜਾ ਰਹੀ ਹੈ।
ਮੌਕੇ ਦੀ ਗੰਭੀਰਤਾ ਨੂੰ ਵੇਖਦਿਆਂ ਹਲਕਾ ਸਾਹਨੇਵਾਲ ਦੇ ਵਿਧਾਇਕ ਅਤੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਵੀ ਸਰਕਾਰੀ ਟੀਮ ਦੇ ਨਾਲ ਦਰਿਆ ਕੰਢੇ ਪਹੁੰਚੇ ਅਤੇ ਲੋਕਾਂ ਨੂੰ ਹਿੰਮਤ ਦਿੱਤੀ। ਉਨ੍ਹਾਂ ਨੇ ਵਲੰਟੀਅਰਾਂ ਨੂੰ ਪੂਰੇ ਜਜ਼ਬੇ ਨਾਲ ਬੰਨ੍ਹ ਨੂੰ ਬਚਾਉਣ ਲਈ ਜੱਦੋ-ਜਹਿਦ ਕਰਨ ਦੀ ਅਪੀਲ ਕੀਤੀ। ਇਸ ਦੇ ਨਾਲ ਹੀ, ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਵੀ ਕੁਝ ਹੀ ਸਮੇਂ ਵਿਚ ਮੌਕੇ ’ਤੇ ਪਹੁੰਚਣ ਵਾਲੇ ਹਨ।
ਨੇੜਲੇ ਪਿੰਡਾਂ ਦੇ ਲੋਕਾਂ ਨੇ ਸੋਸ਼ਲ ਮੀਡੀਆ ਰਾਹੀਂ ਤੁਰੰਤ ਮਦਦ ਦੀ ਅਪੀਲ ਕੀਤੀ ਸੀ, ਜਿਸ ਤੋਂ ਬਾਅਦ ਹਲਕੇ ਦੇ ਬਹੁਤ ਸਾਰੇ ਨੌਜਵਾਨ ਮੌਕੇ ’ਤੇ ਪਹੁੰਚ ਕੇ ਸਹਾਇਤਾ ਦੇ ਰਹੇ ਹਨ। ਹਾਲਾਂਕਿ ਲਗਾਤਾਰ ਹੋ ਰਹੀ ਬਾਰਿਸ਼ ਅਤੇ ਦਰਿਆ ਵਿੱਚੋਂ ਆ ਰਹੇ ਤੇਜ਼ ਵਹਾਵ ਨੇ ਹਾਲਾਤ ਨੂੰ ਬੇਕਾਬੂ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਜੇਕਰ ਪਾਣੀ ਦਾ ਪੱਧਰ ਹੋਰ ਵਧਿਆ, ਤਾਂ ਨੇੜੇ ਦੇ ਪਿੰਡਾਂ ਤੇ ਕਾਲੋਨੀਆਂ ਵਿੱਚ ਹੜ੍ਹ ਦਾਖਲ ਹੋਣ ਦਾ ਖ਼ਤਰਾ ਹੋ ਸਕਦਾ ਹੈ।