ਤਰਨਤਾਰਨ ਜ਼ਿਲ੍ਹੇ ਦੇ ਪਿੰਡ ਸਭਰਾਂ ਨੇੜੇ ਧੁੱਸੀ ਬੰਨ੍ਹ ਇੱਕ ਵਾਰ ਫਿਰ ਸੰਕਟ ਵਿੱਚ ਆ ਗਿਆ ਹੈ। ਅੱਜ ਸਵੇਰੇ ਪਾਡਿਆਂ ਦੇ ਕੋਲ ਲਗਭਗ 20 ਫੁੱਟ ਦੀ ਵੱਡੀ ਢਾਹ ਆਉਣ ਕਾਰਨ ਇਲਾਕੇ ਦੇ ਲੋਕਾਂ ਵਿੱਚ ਦਹਿਸ਼ਤ ਫੈਲ ਗਈ। ਲੋਕ ਭੱਜਦੌੜ ਕਰਦੇ ਹੋਏ ਸੋਸ਼ਲ ਮੀਡੀਆ ਰਾਹੀਂ ਵੀਡੀਓ ਜਾਰੀ ਕਰਕੇ ਹੋਰ ਪਿੰਡਾਂ ਦੇ ਲੋਕਾਂ ਨੂੰ ਸਹਾਇਤਾ ਲਈ ਬੁਲਾ ਰਹੇ ਹਨ ਤਾਂ ਜੋ ਬੰਨ੍ਹ ਨੂੰ ਟੁੱਟਣ ਤੋਂ ਬਚਾਇਆ ਜਾ ਸਕੇ।
ਹਰੀਕੇ ਹੈਡ ਵਰਕਸ ਤੋਂ ਛੱਡਿਆ ਜਾ ਰਿਹਾ ਸਤਲੁਜ ਦਰਿਆ ਦਾ ਵੱਡਾ ਪਾਣੀ ਲਗਾਤਾਰ ਇਲਾਕੇ ਵਿੱਚ ਦਾਖਲ ਹੋ ਰਿਹਾ ਹੈ। ਇਸ ਕਰਕੇ ਜਿੱਥੇ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ਮੁਸ਼ਕਲ ਹੋ ਗਈ ਹੈ, ਉੱਥੇ ਹੀ ਬੰਨ੍ਹ ਦੇ ਟੁੱਟਣ ਦਾ ਖ਼ਤਰਾ ਹੋਰ ਵੱਧ ਗਿਆ ਹੈ। ਲੋਕ ਦਿਨ-ਰਾਤ ਡਟ ਕੇ ਬੰਨ੍ਹ ਦੀ ਰਾਖੀ ਕਰ ਰਹੇ ਹਨ। ਜਿੱਥੇ ਵੀ ਢਾਹ ਲੱਗਦੀ ਹੈ ਉੱਥੇ ਵੱਡੀ ਮਾਤਰਾ ਵਿੱਚ ਮਿੱਟੀ ਅਤੇ ਮਿੱਟੀ ਦੇ ਤੋੜੇ ਪਾ ਕੇ ਉਸਨੂੰ ਸਮ੍ਹਾਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਇਸ ਵਾਰ ਬੰਨ੍ਹ ਟੁੱਟ ਗਿਆ ਤਾਂ ਬਹੁਤ ਵੱਡਾ ਨੁਕਸਾਨ ਹੋ ਸਕਦਾ ਹੈ, ਕਿਉਂਕਿ 2023 ਵਿੱਚ ਵੀ ਪਿੰਡ ਘੜੋਮ ਨੇੜੇ ਬੰਨ੍ਹ ਟੁੱਟਣ ਨਾਲ ਵੱਡੀ ਤਬਾਹੀ ਹੋਈ ਸੀ।
ਪਿੰਡ ਵਾਸੀਆਂ ਬਾਬਾ ਸਾਰਜ ਸਿੰਘ, ਗੁਰਚਰਨਪ੍ਰੀਤ ਸਿੰਘ ਅਤੇ ਪਿੰਡ ਪ੍ਰਧਾਨ ਸੋਹਣ ਸਿੰਘ ਸਭਰਾ ਨੇ ਦੱਸਿਆ ਕਿ ਪਿਛਲੇ 25 ਦਿਨਾਂ ਤੋਂ ਲਗਾਤਾਰ ਲੋਕ ਰਾਤ ਦਿਨ ਇੱਕ ਕਰਕੇ ਬੰਨ੍ਹ ਨੂੰ ਬਚਾਉਣ ਲਈ ਜੁਟੇ ਹੋਏ ਹਨ। ਫਿਰ ਵੀ ਸਤਲੁਜ ਦਾ ਵਹਾਅ ਲਗਾਤਾਰ ਤੇਜ਼ ਹੈ ਅਤੇ ਅਜੇ ਘੱਟ ਨਹੀਂ ਹੋ ਰਿਹਾ। ਉਹਨਾਂ ਕਿਹਾ ਕਿ ਜਦ ਤੱਕ ਪਾਣੀ ਦਾ ਪੱਧਰ ਘਟਦਾ ਨਹੀਂ, ਉਹ ਲੋਕ ਬੰਨ੍ਹ ਦੀ ਰਾਖੀ ਕਰਦੇ ਰਹਿਣਗੇ।
ਪਿੰਡ ਵਾਸੀਆਂ ਨੇ ਪ੍ਰਸ਼ਾਸਨ ਅਤੇ ਸਰਕਾਰੀ ਅਧਿਕਾਰੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਜਲਦੀ ਤੋਂ ਜਲਦੀ ਮੌਕੇ ’ਤੇ ਪਹੁੰਚਣ ਤੇ ਬੰਨ੍ਹ ਨੂੰ ਬਚਾਉਣ ਲਈ ਪੱਕੇ ਪ੍ਰਬੰਧ ਕਰਨ। ਲੋਕਾਂ ਦਾ ਕਹਿਣਾ ਹੈ ਕਿ ਜੇ ਸਮੇਂ ਸਿਰ ਧਿਆਨ ਨਾ ਦਿੱਤਾ ਗਿਆ ਤਾਂ ਇਹ ਖੇਤਰ ਵੱਡੀ ਤਬਾਹੀ ਦੀ ਚਪੇਟ ਵਿੱਚ ਆ ਸਕਦਾ ਹੈ।