Threat To Mankirat Aulakh : ਪੰਜਾਬੀ ਗਾਇਕ ਮਨਕੀਰਤ ਔਲਖ ਨੂੰ ਮੁੜ ਮਿਲੀ ਜਾਨੋਂ ਮਾਰਨ ਦੀ ਧਮਕੀ, ਪਰਿਵਾਰ ਵਿੱਚ ਚਿੰਤਾ ਦਾ ਮਾਹੌਲ…

ਪੰਜਾਬੀ ਸੰਗੀਤ ਇੰਡਸਟਰੀ ਲਈ ਇੱਕ ਵੱਡੀ ਚਿੰਤਾ ਵਾਲੀ ਖ਼ਬਰ ਸਾਹਮਣੇ ਆਈ ਹੈ। ਮਸ਼ਹੂਰ ਗਾਇਕ ਮਨਕੀਰਤ ਔਲਖ ਨੂੰ ਇੱਕ ਵਾਰ ਫਿਰ ਅਣਜਾਣ ਨੰਬਰ ਰਾਹੀਂ ਜਾਨੋਂ ਮਾਰਨ ਦੀ ਗੰਭੀਰ ਧਮਕੀ ਮਿਲੀ ਹੈ। ਮਿਲੀ ਜਾਣਕਾਰੀ ਮੁਤਾਬਕ, ਗਾਇਕ ਨੂੰ ਵਿਦੇਸ਼ੀ ਨੰਬਰ ਤੋਂ ਉਸਦੇ ਮੋਬਾਈਲ ‘ਤੇ ਧਮਕੀ ਭਰੇ ਸੁਨੇਹੇ ਭੇਜੇ ਗਏ ਹਨ। ਇਸ ਤੋਂ ਬਾਅਦ ਗਾਇਕ ਨੇ ਤੁਰੰਤ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ।

ਖ਼ਾਸ ਗੱਲ ਇਹ ਹੈ ਕਿ ਮਨਕੀਰਤ ਔਲਖ ਨੂੰ ਪਹਿਲਾਂ ਹੀ ਸਰਕਾਰ ਵੱਲੋਂ ਸੁਰੱਖਿਆ ਪ੍ਰਦਾਨ ਕੀਤੀ ਗਈ ਹੈ। ਇਸਦੇ ਬਾਵਜੂਦ ਇੱਕ ਵਾਰ ਫਿਰ ਉਸਨੂੰ ਮਿਲੀ ਧਮਕੀ ਨੇ ਪਰਿਵਾਰ ਅਤੇ ਚਾਹੁਣ ਵਾਲਿਆਂ ਵਿੱਚ ਚਿੰਤਾ ਪੈਦਾ ਕਰ ਦਿੱਤੀ ਹੈ।

ਧਮਕੀ ਭਰੇ ਸੁਨੇਹੇ ਵਿੱਚ ਕੀ ਲਿਖਿਆ ਸੀ?

ਗਾਇਕ ਨੂੰ ਪੰਜਾਬੀ ਭਾਸ਼ਾ ਵਿੱਚ ਧਮਕੀ ਭੇਜੀ ਗਈ ਹੈ। ਇਸ ਵਿੱਚ ਸਾਫ਼ ਲਿਖਿਆ ਹੈ ਕਿ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਵੇਗਾ। ਸੁਨੇਹੇ ਵਿੱਚ ਦਰਜ ਹੈ :

“ਤਿਆਰੀ ਕਰ ਲੈ ਪੁੱਤ, ਤੇਰਾ ਟਾਈਮ ਆ ਗਿਆ… ਚਾਹੇ ਤੇਰੀ ਘਰਵਾਲੀ ਹੋਵੇ ਜਾਂ ਤੇਰਾ ਬੱਚਾ, ਸਾਨੂੰ ਕੋਈ ਫਰਕ ਨਹੀਂ ਪੈਂਦਾ। ਪੁੱਤ, ਤੇਰਾ ਨੰਬਰ ਲਾਉਂਦੇ ਹਾਂ।”

ਇਸ ਤੋਂ ਇਲਾਵਾ ਇੱਕ ਹੋਰ ਸੁਨੇਹੇ ਵਿੱਚ ਲਿਖਿਆ ਹੈ ਕਿ, “ਇਹ ਨਾ ਸੋਚ ਕਿ ਤੈਨੂੰ ਧਮਕੀ ਮਜ਼ਾਕ ਵਿੱਚ ਦਿੱਤੀ ਗਈ ਹੈ। ਹੁਣ ਦੇਖੀ ਚੱਲ ਪੁੱਤ ਤੇਰੇ ਨਾਲ ਕੀ-ਕੀ ਹੋਣਾ…”

ਇਹ ਸੁਨੇਹੇ ਮਿਲਣ ਤੋਂ ਬਾਅਦ ਮਨਕੀਰਤ ਔਲਖ ਦਾ ਪਰਿਵਾਰ ਗੰਭੀਰ ਤਣਾਅ ‘ਚ ਹੈ।

ਪਹਿਲਾਂ ਵੀ ਮਿਲ ਚੁੱਕੀਆਂ ਹਨ ਧਮਕੀਆਂ

ਇਹ ਪਹਿਲੀ ਵਾਰ ਨਹੀਂ ਹੈ ਕਿ ਮਨਕੀਰਤ ਔਲਖ ਨੂੰ ਧਮਕੀ ਮਿਲੀ ਹੋਵੇ। ਸਾਲ 2022 ਵਿੱਚ ਵੀ ਗੈਂਗਸਟਰ ਦਵਿੰਦਰ ਬੰਬੀਹਾ ਗਰੁੱਪ ਨੇ ਉਸਨੂੰ ਫੇਸਬੁੱਕ ਰਾਹੀਂ ਖੁੱਲ੍ਹੇ ਤੌਰ ‘ਤੇ ਮਾਰਨ ਦੀ ਧਮਕੀ ਦਿੱਤੀ ਸੀ। ਉਸ ਵੇਲੇ ਗਰੁੱਪ ਨੇ ਆਪਣੇ ਪੋਸਟ ਵਿੱਚ ਦਾਅਵਾ ਕੀਤਾ ਸੀ ਕਿ ਕੇਵਲ 10 ਮਿੰਟ ਦਾ ਫਰਕ ਰਹਿ ਗਿਆ ਨਹੀਂ ਤਾਂ ਔਲਖ ਉਸ ਵੇਲੇ ਹੀ ਮੌਤ ਦਾ ਸ਼ਿਕਾਰ ਹੋ ਜਾਂਦਾ।

ਜਦੋਂ ਇਹ ਮਾਮਲਾ ਸਾਹਮਣੇ ਆਇਆ ਸੀ ਤਾਂ ਮੋਹਾਲੀ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਉਸਦੀ ਸੁਰੱਖਿਆ ਵਧਾ ਦਿੱਤੀ ਸੀ। ਇਸ ਵੇਲੇ ਵੀ ਮਨਕੀਰਤ ਸਰਕਾਰੀ ਸੁਰੱਖਿਆ ਹੇਠ ਹੈ।

ਕਿੱਥੇ ਰਹਿੰਦਾ ਹੈ ਮਨਕੀਰਤ ਔਲਖ

ਮਨਕੀਰਤ ਔਲਖ ਆਪਣੇ ਪਰਿਵਾਰ ਨਾਲ ਮੋਹਾਲੀ ਦੇ ਹੋਮ ਲੈਂਡ ਹਾਈਟਸ, ਸੈਕਟਰ-71 ‘ਚ ਰਹਿੰਦਾ ਹੈ। ਗਾਇਕੀ ਤੋਂ ਇਲਾਵਾ ਉਹ ਸਮਾਜ ਸੇਵਾ ਦੇ ਖੇਤਰਾਂ ਵਿੱਚ ਵੀ ਸਰਗਰਮ ਰਹਿੰਦਾ ਹੈ। ਉਸਦੀ ਲੋਕਪ੍ਰਿਯਤਾ ਕਾਰਨ ਉਸਦੇ ਦੁਸ਼ਮਣ ਵੀ ਬਣੇ ਹੋਏ ਹਨ, ਜਿਸ ਕਾਰਨ ਉਸਦੀ ਸੁਰੱਖਿਆ ਵਧਾਉਣੀ ਪੈਂਦੀ ਰਹਿੰਦੀ ਹੈ।

ਪੁਲਿਸ ਦੀ ਜਾਂਚ

ਪੁਲਿਸ ਨੇ ਗਾਇਕ ਦੀ ਸ਼ਿਕਾਇਤ ਦਰਜ ਕਰ ਲਈ ਹੈ ਅਤੇ ਧਮਕੀ ਭੇਜਣ ਵਾਲੇ ਨੰਬਰ ਦੇ ਸਰੋਤ ਬਾਰੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜਲਦੀ ਹੀ ਇਸ ਮਾਮਲੇ ਦੀ ਪੜਤਾਲ ਕਰਕੇ ਧਮਕੀ ਦੇਣ ਵਾਲਿਆਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *