ਪਾਤੜਾਂ : ਘੱਗਰ ਦਰਿਆ ਦੇ ਪਾਣੀ ਦਾ ਪੱਧਰ ਘਟਣ ਦੀ ਬਜਾਏ ਅਜੇ ਵੀ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਚੱਲ ਰਿਹਾ ਹੈ। ਖਨੌਰੀ ਹੈੱਡਵਰਕਸ ਦੇ ਬੁਰਜੀ ਨੰਬਰ ਆਰਡੀ-460 ’ਤੇ ਪਾਣੀ 750.6 ਫੁੱਟ ’ਤੇ ਬਣਿਆ ਹੋਇਆ ਹੈ, ਜੋ ਕਿ ਖਤਰੇ ਦੇ ਨਿਸ਼ਾਨ 748 ਤੋਂ ਕਾਫ਼ੀ ਵੱਧ ਹੈ। ਇੱਥੋਂ ਹੁਣ ਵੀ 14,450 ਕਿਊਸਿਕ ਪਾਣੀ ਦਾ ਵਾਹ ਚੱਲ ਰਿਹਾ ਹੈ। ਸਰਕਾਰੀ ਰਿਪੋਰਟਾਂ ਵਿੱਚ ਭਾਵੇਂ ਪਾਣੀ ਇਕ ਇੰਚ ਘਟਣ ਦਾ ਦਾਅਵਾ ਕੀਤਾ ਗਿਆ ਹੈ, ਪਰ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਦਰਿਆ ਦਾ ਪੱਧਰ ਅਜੇ ਵੀ ਘਟਿਆ ਨਹੀਂ।
ਲੋਕ ਆਪਣੇ ਪੱਧਰ ਮਾਪਣ ਦੇ ਤਰੀਕਿਆਂ ਨਾਲ ਨਿਗਰਾਨੀ ਕਰ ਰਹੇ ਹਨ ਅਤੇ ਉਹਨਾਂ ਦੇ ਅਨੁਸਾਰ ਬੰਨ੍ਹੀਆਂ ਉੱਤੇ ਦਬਾਅ ਘਟਣ ਦੀ ਬਜਾਏ ਜਾਰੀ ਹੈ। ਖ਼ਾਸ ਗੱਲ ਇਹ ਹੈ ਕਿ ਪਿਛਲੇ ਦੋ ਦਿਨਾਂ ਤੋਂ ਪਾਣੀ ਦਾ ਪੱਧਰ 750.6 ਫੁੱਟ ਤੇ ਅਤੇ ਵਾਹ 14,450 ਕਿਊਸਿਕ ’ਤੇ ਟਿਕਿਆ ਹੋਇਆ ਹੈ। ਇਸ ਕਰਕੇ ਲੋਕਾਂ ਵਿੱਚ ਇਹ ਸਵਾਲ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਜਦੋਂ ਪਟਿਆਲਾ ਦੀ ਵੱਡੀ ਨਦੀ ਖਾਲੀ ਪਈ ਹੈ ਅਤੇ ਡੇਰਾਬੱਸੀ, ਸ਼ੰਭੂ ਅਤੇ ਸਰਾਲਾ ਇਲਾਕਿਆਂ ’ਚ ਘੱਗਰ ਦਾ ਪਾਣੀ ਘੱਟ ਗਿਆ ਹੈ, ਤਾਂ ਫਿਰ ਖਨੌਰੀ ’ਤੇ ਪਾਣੀ ਦਾ ਵਾਹ ਘਟਦਾ ਕਿਉਂ ਨਹੀਂ?
ਦਰਿਆ ਵਿੱਚ ਵੱਧਦੇ ਪਾਣੀ ਦੇ ਪਿੱਛੇ ਵੱਡੀ ਵਜ੍ਹਾ ਹਰਿਆਣਾ ਦੇ ਭਾਗਲ ਪਿੰਡ ਕੋਲ ਟਾਂਗਰੀ ਅਤੇ ਮਾਰਕੰਡਾ ਦਰਿਆ ਦਾ ਘੱਗਰ ਨਾਲ ਮਿਲਣਾ ਹੈ। ਦੋਵੇਂ ਹੀ ਦਰਿਆ ਇਸ ਸਮੇਂ ਭਰੇ ਹੋਏ ਹਨ, ਜਿਸ ਕਰਕੇ ਘੱਗਰ ਦਰਿਆ ਹੋਰ ਉਫਾਨ ’ਤੇ ਹੈ। ਇਹ ਪਾਣੀ ਅੰਬਾਲਾ ਅਤੇ ਕਾਲੇ ਅੰਬ ਦੇ ਇਲਾਕਿਆਂ ਤੋਂ ਵਗ ਕੇ ਆ ਰਿਹਾ ਹੈ।
ਪਾਣੀ ਦੇ ਇਸ ਤੋੜੇ ਕਾਰਨ ਕਈ ਪਿੰਡਾਂ ਦੀ ਜ਼ਮੀਨ ਤੇ ਫਸਲਾਂ ਪ੍ਰਭਾਵਿਤ ਹੋ ਰਹੀਆਂ ਹਨ। ਪਿੰਡ ਸ਼ੁਤਰਾਣਾ ਵਿੱਚ ਪੁਰਾਣੀ ਪਾਈਪ ਲਾਈਨ ਲੀਕ ਹੋਣ ਕਾਰਨ ਲਗਭਗ 100 ਏਕੜ ਜ਼ਮੀਨ ਪਾਣੀ ਹੇਠ ਆ ਗਈ। ਪਿੰਡ ਵਾਸੀਆਂ ਨੇ ਖ਼ੁਦ ਜੱਦੋ-ਜਹਿਦ ਕਰਕੇ ਲੀਕ ਬੰਦ ਕਰਵਾਈ ਪਰ ਤਦ ਤੱਕ ਵੱਡਾ ਨੁਕਸਾਨ ਹੋ ਗਿਆ ਸੀ। ਇਸੇ ਤਰ੍ਹਾਂ ਪਿੰਡ ਅਰਨੇਟੂ ਦੇ ਵੱਡੇ ਰਕਬੇ ਵਿੱਚ ਬਰਸਾਤੀ ਪਾਣੀ ਇਕੱਠਾ ਹੋ ਜਾਣ ਨਾਲ ਫਸਲਾਂ ਕਈ ਦਿਨਾਂ ਤੋਂ ਡੁੱਬੀਆਂ ਪਈਆਂ ਹਨ।
ਪਿੰਡ ਮਤੌਲੀ ਦੇ ਵਸਨੀਕਾਂ ਨੇ ਦੱਸਿਆ ਕਿ ਐਕਸਪ੍ਰੈੱਸਵੇਅ ਦੇ ਨਿਰਮਾਣ ਦੌਰਾਨ ਘੱਗਰ ਦਰਿਆ ਦੇ ਕੁਝ ਸਰਕਾਰੀ ਅਤੇ ਪ੍ਰਾਈਵੇਟ ਬੰਨ੍ਹ ਨੁਕਸਾਨਿਆ ਗਏ ਸਨ। ਜੇ ਪਿੰਡਾਂ ਦੇ ਲੋਕ ਆਪਣੇ ਸਾਧਨਾਂ ਨਾਲ ਸਮੇਂ ’ਤੇ ਇਨ੍ਹਾਂ ਨੂੰ ਮਜ਼ਬੂਤ ਨਾ ਕਰਦੇ ਤਾਂ ਵੱਡਾ ਹਾਦਸਾ ਹੋ ਸਕਦਾ ਸੀ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸਰਕਾਰੀ ਰਿਪੋਰਟਾਂ ਵਿੱਚ ਪਾਣੀ ਘਟਣ ਦੇ ਦਾਅਵਿਆਂ ਦੇ ਬਾਵਜੂਦ ਦਰਿਆ ਅਜੇ ਵੀ ਉਫਾਨ ’ਤੇ ਹੈ ਅਤੇ ਬੰਨ੍ਹ ਕਮਜ਼ੋਰ ਹੋ ਰਹੇ ਹਨ।
ਪਿੰਡ ਸ਼ੁਤਰਾਣਾ ਦੇ ਕਿਸਾਨਾਂ — ਦਵਿੰਦਰ ਸਿੰਘ, ਹਰਜੀਤ ਸਿੰਘ, ਕੁਲਦੀਪ ਸਿੰਘ, ਪ੍ਰਗਟ ਸਿੰਘ, ਨਿਰਮਲ ਸਿੰਘ, ਬਲਿਹਾਰ ਸਿੰਘ, ਰਾਜ ਸਿੰਘ, ਵਿਕਰਮਜੀਤ ਸਿੰਘ, ਨਾਨਕ ਸਿੰਘ, ਗੁਲਾਬ ਸਿੰਘ, ਸੁਰਜੀਤ ਸਿੰਘ ਅਤੇ ਹਰਮਨ ਸਿੰਘ — ਦੇ ਖੇਤਾਂ ਵਿੱਚ ਦਰਿਆ ਦਾ ਪਾਣੀ ਵਗ ਜਾਣ ਕਾਰਨ 100 ਏਕੜ ਤੱਕ ਫਸਲਾਂ ਡੁੱਬ ਚੁੱਕੀਆਂ ਹਨ। ਇਸ ਕਾਰਨ ਉਹਨਾਂ ਵਿੱਚ ਭਾਰੀ ਚਿੰਤਾ ਹੈ।
ਮੌਜੂਦਾ ਹਾਲਾਤ ਦੇਖ ਕੇ ਲੋਕਾਂ ਦੀ ਸਭ ਤੋਂ ਵੱਡੀ ਚਿੰਤਾ ਇਹ ਹੈ ਕਿ ਜੇਕਰ ਪਾਣੀ ਦਾ ਪੱਧਰ ਜਲਦੀ ਘਟਿਆ ਨਹੀਂ ਤਾਂ ਘੱਗਰ ਦਰਿਆ ਦੇ ਬੰਨ੍ਹ ਕਦੇ ਵੀ ਟੁੱਟ ਸਕਦੇ ਹਨ, ਜਿਸ ਨਾਲ ਆਸ-ਪਾਸ ਦੇ ਪਿੰਡਾਂ ਵਿੱਚ ਵੱਡੀ ਤਬਾਹੀ ਹੋ ਸਕਦੀ ਹੈ।