ਪੰਜਾਬ ਹੜ੍ਹਾਂ ਦੀ ਮਾਰ ਤੋਂ ਪੂਰੀ ਤਰ੍ਹਾਂ ਸੰਭਲਿਆ ਵੀ ਨਹੀਂ ਸੀ ਕਿ ਹੁਣ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ’ਚ ਸਥਿਤ ਪੌਂਗ ਡੈਮ ਤੋਂ ਇੱਕ ਵਾਰ ਫਿਰ ਚਿੰਤਾ ਵਧ ਗਈ ਹੈ। ਭਾਰੀ ਬਾਰਿਸ਼ ਕਾਰਨ ਡੈਮ ਵਿੱਚ ਪਾਣੀ ਦਾ ਪੱਧਰ ਤੇਜ਼ੀ ਨਾਲ ਵਧ ਰਿਹਾ ਹੈ। ਅੱਜ ਦੁਪਹਿਰ 1 ਵਜੇ ਤੱਕ ਇਹ ਪੱਧਰ 1395.22 ਫੁੱਟ ਤੱਕ ਪਹੁੰਚ ਗਿਆ, ਜੋ ਕਿ ਖ਼ਤਰੇ ਦੇ ਨਿਸ਼ਾਨ 1390 ਫੁੱਟ ਤੋਂ ਲਗਭਗ 5 ਫੁੱਟ ਉਪਰ ਹੈ। ਸਿਰਫ਼ ਪਿਛਲੇ 24 ਘੰਟਿਆਂ ਦੌਰਾਨ ਹੀ ਪਾਣੀ 2 ਫੁੱਟ ਹੋਰ ਵਧਿਆ ਹੈ।
ਭਾਰੀ ਵਹਾਅ ਨਾਲ ਦਬਾਅ ਵਧਿਆ
ਡੈਮ ਵਿੱਚ ਮੀਂਹ ਕਾਰਨ ਪਾਣੀ ਦਾ ਦਾਖਲਾ ਬੇਹਦ ਤੇਜ਼ ਹੋ ਗਿਆ ਹੈ। ਅੱਜ ਜਲ ਭੰਡਾਰ ਵਿੱਚ 67,377 ਕਿਊਸਿਕ ਪਾਣੀ ਦਾ ਵਹਾਅ ਦਰਜ ਕੀਤਾ ਗਿਆ, ਜੋ ਸੋਮਵਾਰ ਨੂੰ ਛੱਡੇ ਗਏ 59,845 ਕਿਊਸਿਕ ਪਾਣੀ ਦੇ ਵਹਾਅ ਨਾਲੋਂ ਕਾਫ਼ੀ ਵੱਧ ਹੈ। ਇਸ ਸਾਲ ਅਗਸਤ ਅਤੇ ਸਤੰਬਰ ਦੌਰਾਨ ਪੌਂਗ ਡੈਮ ਨੇ ਰਿਕਾਰਡ ਵਹਾਅ ਵੇਖਿਆ ਹੈ। ਇੱਕ ਸਮੇਂ ’ਤੇ ਇਹ 2.25 ਲੱਖ ਕਿਊਸਿਕ ਤੱਕ ਪਹੁੰਚ ਗਿਆ ਸੀ। ਦਬਾਅ ਘਟਾਉਣ ਲਈ ਕਈ ਦਿਨਾਂ ਤੱਕ ਲਗਭਗ 1 ਲੱਖ ਕਿਊਸਿਕ ਪਾਣੀ ਛੱਡਣਾ ਪਿਆ ਸੀ।
ਪੌਂਗ ਡੈਮ, ਜੋ ਸ਼ਿਵਾਲਿਕ ਪਹਾੜੀਆਂ ਦੇ ਪੈਰਾਂ ’ਚ ਬਣਿਆ ਹੈ, ਨਾ ਸਿਰਫ਼ ਹਿਮਾਚਲ ਬਲਕਿ ਪੰਜਾਬ ਦੇ ਪਾਣੀ ਪ੍ਰਬੰਧਨ ਵਿੱਚ ਵੀ ਕੇਂਦਰੀ ਭੂਮਿਕਾ ਨਿਭਾਉਂਦਾ ਹੈ। ਪਾਣੀ ਦੇ ਪੱਧਰ ਵਿੱਚ ਤੇਜ਼ੀ ਨਾਲ ਹੋ ਰਿਹਾ ਵਾਧਾ ਹੇਠਲੇ ਇਲਾਕਿਆਂ ਵਿੱਚ ਹੜ੍ਹ ਦੇ ਖ਼ਤਰੇ ਨੂੰ ਵਧਾ ਰਿਹਾ ਹੈ।
ਹਿਮਾਚਲ ’ਚ ਹਾਲਾਤ ਗੰਭੀਰ
ਹਾਲਾਂਕਿ ਬੁੱਧਵਾਰ ਨੂੰ ਮੀਂਹ ਕੁਝ ਘੱਟਿਆ, ਪਰ ਹਿਮਾਚਲ ਵਿੱਚ ਹਾਲਾਤ ਅਜੇ ਵੀ ਬੇਹਤਰੀ ਵੱਲ ਨਹੀਂ ਮੁੜੇ। ਸਵੇਰੇ 10 ਵਜੇ ਤੱਕ ਰਾਜ ਵਿੱਚ ਦੋ ਰਾਸ਼ਟਰੀ ਰਾਜਮਾਰਗਾਂ ਸਮੇਤ ਕੁੱਲ 574 ਸੜਕਾਂ ਬੰਦ ਰਹੀਆਂ। 483 ਪਾਵਰ ਟ੍ਰਾਂਸਫਾਰਮਰ ਠੱਪ ਪਏ ਹਨ ਅਤੇ 203 ਜਲ ਸਪਲਾਈ ਯੋਜਨਾਵਾਂ ਪ੍ਰਭਾਵਿਤ ਹਨ। ਕੁੱਲੂ ਜ਼ਿਲ੍ਹੇ ਵਿੱਚ 153, ਮੰਡੀ ਵਿੱਚ 229, ਸ਼ਿਮਲਾ ਵਿੱਚ 46 ਅਤੇ ਕਾਂਗੜਾ ਵਿੱਚ 46 ਸੜਕਾਂ ਹਾਲੇ ਵੀ ਆਵਾਜਾਈ ਲਈ ਬੰਦ ਹਨ। ਸ਼ਿਮਲਾ ਵਿੱਚ ਅੱਜ ਧੁੱਪ ਨਿਕਲੀ, ਪਰ ਹਲਕੇ ਬੱਦਲ ਛਾਏ ਰਹੇ।
ਅਗਲੇ ਦਿਨਾਂ ਦਾ ਮੌਸਮ
ਮੌਸਮ ਕੇਂਦਰ ਸ਼ਿਮਲਾ ਦੇ ਅਨੁਸਾਰ ਰਾਜ ਦੇ ਕਈ ਹਿੱਸਿਆਂ ਵਿੱਚ 23 ਸਤੰਬਰ ਤੱਕ ਮੀਂਹ ਜਾਰੀ ਰਹੇਗਾ, ਹਾਲਾਂਕਿ 19 ਸਤੰਬਰ ਤੋਂ ਇਸ ਵਿੱਚ ਕਮੀ ਆਉਣ ਦੀ ਉਮੀਦ ਹੈ। ਬੀਤੀ ਰਾਤ ਘੱਗਸ ਵਿੱਚ 60 ਮਿਲੀਮੀਟਰ, ਬਿਲਾਸਪੁਰ ਵਿੱਚ 40.8 ਮਿਲੀਮੀਟਰ, ਕਸੌਲੀ ਵਿੱਚ 39 ਮਿਲੀਮੀਟਰ, ਸਰਾਹਨ ਵਿੱਚ 33.5 ਮਿਲੀਮੀਟਰ, ਸ਼੍ਰੀ ਨੈਨਾ ਦੇਵੀ ਵਿੱਚ 26.8 ਮਿਲੀਮੀਟਰ ਅਤੇ ਧਰਮਸ਼ਾਲਾ ਵਿੱਚ 7.5 ਮਿਲੀਮੀਟਰ ਵਰਖਾ ਦਰਜ ਕੀਤੀ ਗਈ।
ਲੋਕਾਂ ਵਿੱਚ ਚਿੰਤਾ
ਹਿਮਾਚਲ ਅਤੇ ਪੰਜਾਬ ਦੇ ਹੇਠਲੇ ਇਲਾਕਿਆਂ ਦੇ ਲੋਕਾਂ ਵਿੱਚ ਚਿੰਤਾ ਦਾ ਮਾਹੌਲ ਹੈ। ਖ਼ਾਸ ਕਰਕੇ ਬੀਅਸ ਦਰਿਆ ਦੇ ਨੀਵੇਂ ਕਿਨਾਰੇ ਵਾਲੇ ਪਿੰਡਾਂ ’ਚ ਲੋਕ ਹਰ ਵੇਲੇ ਸਚੇਤ ਹਨ। ਪ੍ਰਸ਼ਾਸਨ ਨੇ ਵੀ ਐਮਰਜੈਂਸੀ ਯੋਜਨਾਵਾਂ ’ਤੇ ਕੰਮ ਤੇਜ਼ ਕਰ ਦਿੱਤਾ ਹੈ ਤਾਂ ਜੋ ਜ਼ਰੂਰਤ ਪੈਣ ’ਤੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਭੇਜਿਆ ਜਾ ਸਕੇ।